ਆਸਟ੍ਰੇਲੀਆ 'ਚ ਬੈਠੇ ਪਠਾਣਮਾਜਰਾ ਸੋਸ਼ਲ ਮੀਡੀਆ 'ਤੇ ਕੱਢ ਰਹੇ ਨੇ ਭੜਾਸ
ਪਟਿਆਲਾ, 20 ਨਵੰਬਰ (ਮਨਦੀਪ ਸਿੰਘ ਖਰੌੜ)-ਢਾਈ ਮਹੀਨਿਆਂ ਤੋਂ ਫ਼ਰਾਰ ਚਲ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜਕੱਲ੍ਹ ਆਸਟ੍ਰੇਲੀਆ 'ਚੋਂ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਵੀਡੀਓ ਪਾ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢ ਰਹੇ ਹਨ | ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇਕ ਵੀਡੀਓ 'ਚ ਵਿਧਾਇਕ ਪਠਾਣਮਾਜਰਾ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਦੀ ਆਮ ਆਦਮੀ ਪਾਰਟੀ 'ਚ ਕੋਈ ਜਗ੍ਹਾ ਨਹੀਂ ਹੈ | ਜਿਸ ਦਾ ਸਬੂਤ ਇਕ ਤਾਂ ਉਹ ਆਪ ਹੀ ਹਨ, ਦੂਜਾ ਪਾਰਟੀ ਖ਼ਿਲਾਫ਼ ਅਤੇ ਲੋਕਾਂ ਦੀ ਗੱਲ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ, ਡਾ. ਗਾਂਧੀ, ਪ੍ਰੋ. ਸਾਹਿਬ ਅਤੇ ਵਿਧਾਇਕ ਕੁੰਵਰਵਿਜੈਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਬਾਹਰ ਕੱਢ ਕੇ ਦੇ ਦਿੱਤਾ ਹੈ | ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਇੰਨਾ ਭਖਣ ਤੋਂ ਬਾਅਦ 'ਆਪ' ਸਰਕਾਰ ਕੁਝ ਨਹੀਂ ਬੋਲੀ, ਬਾਅਦ 'ਚ ਕੇਜਰੀਵਾਲ ਦੇ ਕਹਿਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਖ਼ਿਲਾਫ਼ ਲੋਕਾਂ ਦੀ ਗੱਲ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤੇ ਉਨ੍ਹਾਂ ਨੂੰ ਵੀ ਇਸੇ ਗੱਲ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ |
ਪੰਜਾਬ ਦੀ ਗੱਲ ਕਰਨ ਵਾਲੇ ਹੋਣਗੇ ਆਮ ਆਦਮੀ ਪਾਰਟੀ ਤੋਂ ਬਾਹਰ-ਪਠਾਣਮਾਜਰਾ <br/>
ਅਜੀਤ ਡੈਸਕ
21-11-2025