ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਇਮਰਾਨ ਖ਼ਾਨ ਦੇ ਕਰੀਬੀ ਚੌਧਰੀ ਅਨਵਰ ਉੱਲ ਹੱਕ ਨੇ ਭਾਰਤ ਦੇ ਅੰਦਰ ਅੱਤਵਾਦੀ ਹਮਲਿਆਂ 'ਚ ਪਾਕਿ ਸਮਰਥਿਤ ਸੰਗਠਨਾਂ ਦੀ ਭੂਮਿਕਾ ਨੂੰ ਖੁੱਲ੍ਹ ਕੇ ਸਵੀਕਾਰ ਕੀਤਾ ਹੈ | ਉਨ੍ਹਾਂ ਦੀ ਇਸ ਬਾਰੇ ਜਾਰੀ ਇਕ ਵਿਵਾਦਿਤ ਵੀਡੀਓ 'ਚ ਉਹ ਪੀ. ਓ. ਕੇ. ਦੇ ਵਿਧਾਨ ਸਭਾ ਸੈਸ਼ਨ 'ਚ ਸੰਬੋਧਨ ਦੌਰਾਨ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕਸ਼ਮੀਰ ਹਾਊਸ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਹਕੂਮਤ ਨੂੰ ਲਲਕਾਰਦਿਆਂ ਕਿਹਾ ਸੀ ਕਿ ਜੇਕਰ ਤੁਸੀਂ ਬਲੋਚਿਸਤਾਨ 'ਚ ਖੂਨ ਵਹਾਇਆ ਤਾਂ ਅਸੀਂ ਲਾਲ ਕਿਲ੍ਹੇ ਤੋਂ ਕਸ਼ਮੀਰ ਦੇ ਜੰਗਲਾਂ ਤੱਕ ਭਾਰਤ ਨੂੰ ਨੁਕਸਾਨ ਪਹੁੰਚਾਵਾਂਗੇ | ਹੱਕ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਇਸ ਲਲਕਾਰ ਤੋਂ ਸਿਰਫ਼ ਕੁਝ ਦਿਨਾਂ ਬਾਅਦ ਹੀ ਸਾਡੇ 'ਜਾਨਬਾਜ਼ ਜਿਹਾਦੀਆਂ' ਨੇ ਭਾਰਤ 'ਚ ਅਜਿਹੀ ਤਬਾਹੀ ਮਚਾਈ ਕਿ ਭਾਰਤ ਨੇ ਸ਼ਾਇਦ ਅਜੇ ਤੱਕ ਸਾਰੀਆਂ ਲਾਸ਼ਾਂ ਦੀ ਗਿਣਤੀ ਵੀ ਨਹੀਂ ਕੀਤੀ ਹੈ |