16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਭਾਰਤ-ਅਮਰੀਕਾ ਵਪਾਰਕ ਸਮਝੌਤੇ ਦਾ ਪਹਿਲਾ ਪੜਾਅ ਕੁਝ ਦਿਨਾਂ 'ਚ ਸਿਰੇ ਚੜ੍ਹਨ ਦੇ ਆਸਾਰ <br/>

ਅਜੀਤ ਡੈਸਕ 20-11-2025
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਦੋ-ਪੱਖੀ ਵਪਾਰਕ ਗੱਲਬਾਤ (ਬਾਈਲੈਟਰਲ ਟਰੇਡ ਐਗਰੀਮੈਂਟ) ਅੰਤਿਮ ਮੋੜ 'ਤੇ ਪਹੁੰਚ ਗਈ ਹੈ | ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੂਤਰਾਂ ਅਨੁਸਾਰ ਹੁਣ ਤੱਕ ਗੱਲਬਾਤ ਦੇ 6 ਗੇੜ ਹੋ ਚੁੱਕੇ ਹਨ ਅਤੇ ਸਮਝੌਤੇ ਦੇ ਪਹਿਲੇ ਪੜਾਅ ਦਾ ਐਲਾਨ ਅਗਲੇ ਕੁਝ ਹਫ਼ਤਿਆਂ ਵਿਚ ਕਿਸੇ ਵੀ ਸਮੇਂ ਹੋ ਸਕਦਾ ਹੈ | ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਵਿਚਕਾਰ 50 ਫ਼ੀਸਦੀ ਤੱਕ ਪਹੁੰਚ ਚੁੱਕੇ ਟੈਰਿਫ਼ ਜਿਸ ਵਿਚ 25 ਫ਼ੀਸਦੀ ਦੋ ਪਾਸੜ ਟੈਰਿਫ਼ ਅਤੇ 25 ਫ਼ੀਸਦੀ ਰੂਸੀ ਤੇਲ ਦੀ ਖ਼ਰੀਦ ਦੇ ਜੁਰਮਾਨੇ ਨੂੰ ਖ਼ਤਮ ਕਰਨ ਦਾ ਰਾਹ ਖੁੱਲਣ ਦੀ ਉਮੀਦ ਹੈ | ਹਾਲਾਂਕਿ ਇਨ੍ਹਾਂ ਸੂਤਰਾਂ ਅਨੁਸਾਰ ਭਾਰਤ-ਅਮਰੀਕਾ ਵਪਾਰਕ ਗੱਲਬਾਤ ਵਿਚ ਭਾਰਤ ਅਜੇ ਵੀ ਖੇਤੀ ਅਤੇ ਡੇਅਰੀ ਵਸਤਾਂ ਤੇ ਖੁੱਲ੍ਹ ਦੇਣ ਲਈ ਤਿਆਰ ਨਹੀਂ ਹੋਇਆ ਪਰ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਸ਼ਾਮ ਹੀ ਇਸ ਪੱਤਰਕਾਰ ਨੂੰ ੂ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਭਾਰਤ ਵਿਚ ਖੇਤੀ ਅਤੇ ਡੇਅਰੀ ਵਸਤਾਂ ਵਿਚ ਵੀ ਜ਼ੀਰੋ ਟੈਰਿਫ਼ 'ਤੇ ਗੁਪਤ ਸਮਝੌਤਾ ਹੋ ਚੁੱਕਾ ਹੈ, ਜਿਸ ਨੂੰ ਦੇਸ਼ ਭਰ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ | ਸਮਝੌਤੇ ਦੇ ਸਿਰੇ ਚੜ੍ਹਨ ਬਾਰੇ 18 ਨਵੰਬਰ ਨੂੰ ਭਾਰਤ ਦੇ ਵਪਾਰ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਚੰਗੀ ਖਬਰ ਸੁਣਨ ਨੂੰ ਮਿਲੇਗੀ | ਸਮਝੌਤਾ ਨਿਰਪੱਖ ਅਤੇ ਸੰਤੁਲਿਤ ਹੋਵੇਗਾ | ਭਾਰਤ ਕਿਸਾਨਾਂ, ਮੱਛੀ ਪਾਲਣ ਵਾਲਿਆਂ ਅਤੇ ਛੋਟੇ ਉਦਯੋਗਾਂ ਦੀ ਰਾਖੀ ਕਰੇਗਾ | ਜਦੋਂ ਕਿ ਇਕ ਪ੍ਰਮੁੱਖ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਵਪਾਰਕ ਸਮਝੌਤੇ ਦੀ ਗੱਲਬਾਤ ਵਿਚ ਬਹੁਤ ਸਕਾਰਆਤਮਿਕ ਵਿਕਾਸ ਹੋ ਰਿਹਾ ਹੈ ਪਰ ਰੂਸੀ ਤੇਲ ਦੇ ਆਯਾਤ ਨਾਲ ਜੁੜੀਆਂ ਚੁਨੌਤੀਆਂ ਵੀ ਹਨ | ਭਾਰਤ ਨੇ ਨਿਰਯਾਤਕਾਂ ਲਈ 5.1 ਮਿਲੀਅਨ ਡਾਲਰ ਦੀ ਯੋਜਨਾ ਨੂੰ ਮਨਜ਼ੂਰੀ ਵੀ ਦਿੱਤੀ ਹੈ | ਵੱਖ ਵੱਖ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਦੇ ਸਮਝੌਤੇ ਵਿਚ ਭਾਰਤ ਵੱਲੋਂ ਅਮਰੀਕੀ ਆਯਾਤ ਤੇ 42 ਤੋਂ 45% ਵਸਤਾਂ ਤੇ ਟੈਰਿਫ਼ 0 ਤੋਂ 5 ਫ਼ੀਸਦੀ ਤੱਕ ਘਟਾਉਣ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ | ਜਿਨ੍ਹਾਂ ਵਿਚ ਅਮਰੀਕੀ ਬਦਾਮ, ਸੇਬ, ਅਖਰੋਟ ਆਦਿ ਤੇ ਭਾਰਤ ਵਲੋਂ ਪਾਬੰਦੀਆਂ ਖ਼ਤਮ ਕਰਨ ਦਾ ਵਾਅਦਾ ਕੀਤਾ ਜਾ ਚੁੱਕਾ ਹੈ | ਜਦੋਂ ਕਿ ਅਮਰੀਕਾ ਵਲੋਂ ਭਾਰਤੀ ਚਾਹ, ਮਸਾਲੇ, ਕੌਫ਼ੀ, ਸਮਾਰਟਫੋਨ ਪੁਰਜ਼ਿਆਂ ਤੇ ਪੂਰੀ ਛੋਟ ਦੇ ਕੇ ਟੈਰਿਫ਼ ਜ਼ੀਰੋ ਫ਼ੀਸਦੀ ਕੀਤੇ ਜਾਣ ਦੇ ਆਸਾਰ ਹਨ | ਇਸ ਤੋਂ ਇਲਾਵਾ ਡਿਜੀਟਲ ਸਰਵਿਸਿਜ਼ ਟੈਕਸ ਵਿੱਚ ਰਾਹਤ ਅਤੇ ਫਾਰਮਾਂ ਪੇਟੈਂਟ ਮੁੱਦੇ ਤੇ ਵੀ ਅਸਥਾਈ ਸਮਝੌਤੇ ਦੇ ਆਸਾਰ ਹਨ |
ਊਰਜਾ ਖੇਤਰ 'ਚ ਵੱਡਾ ਬਦਲਾਅ
ਇਸ ਦਰਮਿਆਨ ਭਾਰਤ ਨੇ ਸਾਲ 2026 ਲਈ ਅਮਰੀਕਾ ਤੋਂ 2.2 ਮਿਲੀਅਨ ਟਨ ਐਲ. ਪੀ. ਜੀ. (ਰਸੋਈ ਗੈਸ) ਖ਼ਰੀਦਣ ਦਾ ਕਰਾਰ ਕੀਤਾ ਹੈ | ਅਮਰੀਕੀ ਕੱਚੇ ਤੇਲ ਦਾ ਆਯਾਤ ਵੀ ਭਾਰਤ ਵਧਾ ਰਿਹਾ ਹੈ | ਅਕਤੂਬਰ 2025 ਵਿਚ 5 ਲੱਖ 68 ਹਜ਼ਾਰ ਬੈਰਲ ਅਮਰੀਕੀ ਤੇਲ ਪ੍ਰਤੀ ਦਿਨ ਖ਼ਰੀਦ ਤੱਕ ਪਹੁੰਚ ਗਿਆ ਹੈ ਅਤੇ ਇਸ ਦੇ 2026-27 ਵਿੱਚ ਰਿਫਾਈਨਰੀਆਂ ਦੇ ਵਿਸਥਾਰ ਤੋਂ ਬਾਅਦ 10 ਲੱਖ ਬੈਰਲ ਪ੍ਰਤੀ ਦਿਨ ਤੱਕ ਪਹੁੰਚਣ ਦੇ ਆਸਾਰ ਹਨ | ਭਾਰਤ ਦੇ ਵਪਾਰ ਸਕੱਤਰ ਰਾਜੇਸ਼ ਅਗਰਵਾਲ ਨੇ ਵੀ ਕਿਹਾ ਹੈ ਕਿ ਅਸੀਂ ਸਮਝੌਤੇ ਦੇ ਬਹੁਤ ਨੇੜੇ ਹਾਂ | ਇਹ ਸਮਝੌਤਾ ਬਹੁਤ ਵਿਸਥਾਰ ਵਾਲਾ ਅਤੇ ਡਬਲਿਊ ਟੀ. ਓ. ਦੇ ਅਨੁਕੂਲ ਹੋਵੇਗਾ |

ਪਿਛਲੀ ਖ਼ਬਰ ਲੁਧਿਆਣਾ ਵਿਖੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਸ੍ਰੀ ਰਵੀਸ਼ੰਕਰ ਕੱਲ੍ਹ ਤੋਂ ਪੰਜਾਬ ਦੌਰੇ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।