ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਲਹਿੰਦੇ ਪੰਜਾਬ ਦੀ ਪੁਲਿਸ ਨੂੰ ਭਾਰਤੀ ਔਰਤ ਸਰਬਜੀਤ ਕੌਰ ਨੂੰ ਪੁੱਛਗਿੱਛ ਦੇ ਨਾਂਅ 'ਤੇ ਤੰਗ ਪ੍ਰੇਸ਼ਾਨ ਨਾ ਕਰਨ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ਮੰਗਲਵਾਰ ਨੂੰ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਵਲੋਂ ਜ਼ਿਲ੍ਹਾ ਬਾਰ ਸ਼ੇਖ਼ੂਪੁਰਾ ਦੇ ਵਕੀਲ ਅਹਿਮਦ ਹਸਨ ਪਾਸ਼ਾ ਨੇ ਲਾਹੌਰ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ, ਜਿਸ 'ਚ ਸ਼ਿਕਾਇਤ ਕੀਤੀ ਗਈ ਕਿ ਪੁਲਿਸ ਨੇ ਜ਼ਿਲ੍ਹਾ ਸ਼ੇਖ਼ੂਪੁਰਾ ਦੀ ਤਹਿਸੀਲ ਫਾਰੂਖਾਬਾਦ 'ਚ ਉਕਤ ਜੋੜੇ ਦੇ ਘਰ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਛਾਪਾ ਮਾਰਿਆ ਅਤੇ ਉਨ੍ਹਾਂ 'ਤੇ ਆਪਣਾ ਵਿਆਹ ਤੋੜਨ ਲਈ ਦਬਾਅ ਪਾਇਆ | ਸਰਬਜੀਤ ਕੌਰ ਨੇ ਇਹ ਵੀ ਕਿਹਾ ਕਿ ਉਹ ਬਿਨਾਂ ਕਿਸੇ ਦਖ਼ਲ ਦੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ | ਇਸ 'ਤੇ ਲਾਹੌਰ ਹਾਈ ਕੋਰਟ ਦੇ ਜੱਜ ਫ਼ਾਰੂਕ ਹੈਦਰ ਨੇ ਪੁਲਿਸ ਨੂੰ ਸਖ਼ਤੀ ਨਾਲ ਆਦੇਸ਼ ਜਾਰੀ ਕੀਤੇ ਕਿ ਪਟੀਸ਼ਨਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ | ਪਟੀਸ਼ਨ 'ਚ ਸਰਬਜੀਤ ਕੌਰ ਤਰਫੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਲਈ ਭਾਰਤੀ ਦੂਤਾਵਾਸ ਨਾਲ ਲਿਖਤੀ ਤੌਰ 'ਤੇ ਸੰਪਰਕ ਕੀਤਾ ਹੈ |