ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ (ਕਰਨੈਲ ਸਿੰਘ)-ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ 350ਵੇਂ ਸ਼ਹੀਦੀ ਸਮਾਗਮ (21 ਤੋਂ 29 ਨਵੰਬਰ) ਵਿਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਆਨਲਾਈਨ 'ਟੈਂਟ ਸਿਟੀ ਬੁਕਿੰਗ ਪੋਰਟਲ' ਸ਼ੁਰੂ ਕਰ ਦਿੱਤਾ ਹੈ | ਮੀਡੀਆ ਸੈਂਟਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਟੈਂਟ ਸਿਟੀਆਂ ਦੀ ਇਹ ਆਨਲਾਈਨ ਬੁਕਿੰਗ ਸਿਸਟਮ ਪੂਰੀ ਤਰ੍ਹਾਂ ਪਹਿਲਾ ਆਓ, ਪਹਿਲਾ ਪਾਓ (ਫਰਸਟ ਕਮ, ਫਰਸਟ ਸਰਵ) ਪ੍ਰਣਾਲੀ ਉੱਤੇ ਅਧਾਰਿਤ ਹੈ ਤਾਂ ਜੋ ਕਰੋੜਾਂ ਦੀ ਸੰਖਿਆਂ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਸੁਚਾਰੂ, ਸੁਖਦਾਇਕ ਅਤੇ ਆਰਾਮਦਾਇਕ ਬਣਾਈ ਜਾ ਸਕੇ | ਡਿਜ਼ਿਟਲ ਬੁਕਿੰਗ ਸੁਵਿਧਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੇਵਾ ਹੁਣ ਕਨੈਕਟ ਪੰਜਾਬ ਪੋਰਟਲ ਅਤੇ ਐਮ-ਸੇਵਾ ਮੋਬਾਈਲ ਐਪ ਰਾਹੀਂ ਹਰ ਨਾਗਰਿਕ ਲਈ ਉਪਲੱਬਧ ਹੈ | ਸੰਗਤ ਮੋਬਾਈਲ ਓਟੀਪੀ ਜਾਂ ਪਾਸਵਰਡ ਨਾਲ ਲਾਗਇਨ ਕਰਕੇ ਆਸਾਨੀ ਨਾਲ ਬੁਕਿੰਗ ਕਰ ਸਕਦੀ ਹੈ | ਇਸ ਤੋਂ ਇਲਾਵਾ ਸਰਕਾਰੀ ਸੇਵਾ ਕੇਂਦਰਾਂ ਰਾਹੀਂ ਵੀ ਕਮਰੇ ਬੁੱਕ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸੰਗਤ ਆਪਣਾ ਪਛਾਣ ਪੱਤਰ/ਈ-ਕੇਵਾਈਸੀ ਅੱਪਲੋਡ ਕਰਕੇ ਰਿਹਾਇਸ਼ ਦੀ ਬੁਕਿੰਗ ਕਰ ਸਕਦੀ ਹੈ | ਪੰਜਾਬ ਸਰਕਾਰ ਨੇ ਪੂਰਾ ਬੁਕਿੰਗ ਸਿਸਟਮ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਹਰ ਸ਼ਰਧਾਲੂ ਨੂੰ ਉੱਚ ਪੱਧਰੀ ਸੁਵਿਧਾ ਮਿਲੇ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪ੍ਰਬੰਧਾਂ ਅਤੇ ਟੈਂਟ ਸਿਟੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਭਿਮਨਿਊ ਮਲਿਕ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ |