ਸੁਰਿੰਦਰ ਕੋਛੜ
ਅੰਮਿ੍ਤਸਰ, 18 ਨਵੰਬਰ-ਪਾਕਿਸਤਾਨ ਨੂੰ ਸੂਬਾ ਬਲੋਚਿਸਤਾਨ 'ਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਅਣਵਰਤੇ ਤਾਂਬੇ ਅਤੇ ਸੋਨੇ ਦੇ ਭੰਡਾਰਾਂ 'ਚੋਂ ਇਕ ਮੰਨੇ ਜਾਂਦੇ ਰੇਕੋ ਡਿਕ ਪ੍ਰਾਜੈਕਟ ਬਾਰੇ ਸੈਨੇਟ ਦੀ ਸਥਾਈ ਕਮੇਟੀ ਨੂੰ ਅੱਜ ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਕਿ ਰੇਕੋ ਡਿਕ ਮਾਈਨਿੰਗ ਪ੍ਰਾਜੈਕਟ 'ਚ ਸੋਨੇ ਅਤੇ ਤਾਂਬੇ ਦਾ ਉਤਪਾਦਨ ਦਸੰਬਰ 2028 ਵਿਚ ਸ਼ੁਰੂ ਹੋ ਜਾਵੇਗਾ | ਅਧਿਕਾਰੀਆਂ ਨੇ ਕਿਹਾ ਕਿ ਰੇਕੋ ਡਿਕ ਪ੍ਰਾਜੈਕਟ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਤਪਾਦਨ ਦਾ ਟੀਚਾ ਤਿੰਨ ਸਾਲਾਂ ਦੇ ਅੰਦਰ ਨਿਰਧਾਰਿਤ ਕੀਤਾ ਗਿਆ ਹੈ | ਸਕੱਤਰ ਪੈਟਰੋਲੀਅਮ ਨੇ ਕਿਹਾ ਕਿ ਮਾਈਨਿੰਗ ਪਹਿਲਾਂ ਸ਼ੁਰੂ ਹੋ ਜਾਵੇਗੀ ਜਦੋਂ ਕਿ ਉਤਪਾਦਨ ਸਾਲ 2028 'ਚ ਸ਼ੁਰੂ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਪੈਟਰੋਲੀਅਮ ਕੰਪਨੀਆਂ ਕੋਲ 25 ਫ਼ੀਸਦੀ ਹਿੱਸੇ ਹਨ, ਜਦੋਂ ਕਿ ਬਲੋਚਿਸਤਾਨ ਸਰਕਾਰ ਕੋਲ 15 ਫ਼ੀਸਦੀ ਹਿੱਸਾ ਹੈ | ਅਧਿਕਾਰੀਆਂ ਨੇ ਕਿਹਾ ਕਿ 10 ਤੋਂ 15 ਫ਼ੀਸਦੀ ਪ੍ਰਾਜੈਕਟ ਦਾ ਕੰਮ ਪੂਰਾ ਹੋ ਗਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਤੋਂ 37 ਸਾਲਾਂ ਦੀ ਮਿਆਦ 'ਚ 53 ਅਰਬ ਡਾਲਰ ਦਾ ਮਾਲੀਆ ਪੈਦਾ ਹੋਣ ਦੀ ਉਮੀਦ ਹੈ | ਇਸ ਪ੍ਰਾਜੈਕਟ ਦੀ ਕੁੱਲ ਲਾਗਤ 7.7 ਅਰਬ ਡਾਲਰ ਹੋਣ ਦਾ ਅਨੁਮਾਨ ਹੈ | ਪ੍ਰਾਜੈਕਟ ਦੇ ਤਿੰਨ ਪੜਾਅ ਹਨ ਅਤੇ ਦੂਜਾ ਪੜਾਅ ਸਾਲ 2031 'ਚ ਸ਼ੁਰੂ ਹੋਵੇਗਾ | ਪਾਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਨਿਰਮਾਣ ਪੜਾਅ ਦੌਰਾਨ ਸਾਲ 2028 ਤੱਕ 7,500 ਨੌਕਰੀਆਂ ਪੈਦਾ ਹੋਣਗੀਆਂ |
ਰੇਕੋ ਡਿਕ ਪ੍ਰਾਜੈਕਟ 2028 'ਚ ਕਰੇਗਾ ਉਤਪਾਦਨ ਸ਼ੁਰੂ <br/>
ਅਜੀਤ ਡੈਸਕ
19-11-2025