ਕੋਲਕਾਤਾ, 5 ਨਵੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਵੋਟਰ ਸੂਚੀ ਤੋਂ ਬਾਹਰ ਹੋਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ | ਉਸਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਵੋਟਰ ਸੂਚੀਆਂ ਦੇ ਚੱਲ ਰਹੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੌਰਾਨ ਵੋਟਰ ਸੂਚੀ 'ਚੋਂ ਨਾਮ ਕੱਟੇ ਜਾਣ ਤੋਂ ਡਰਿਆ ਹੋਇਆ ਸੀ | ਤਿ੍ਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਐਸ.ਆਈ.ਆਰ. ਦੇ ਡਰੋਂ ਇਹ ਰਾਜ ਵਿਚ ਅੱਠਵੀਂ ਅਜਿਹੀ ਘਟਨਾ ਹੈ | ਮਿ੍ਤਕ ਦੀ ਪਛਾਣ ਸਫੀਕੁਲ ਗਾਜ਼ੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਉੱਤਰੀ 24 ਪਰਗਨਾ ਦੇ ਘੁਸ਼ੀਘਾਟਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਭੰਗਰ ਦੇ ਜੈਪੁਰ ਖੇਤਰ ਵਿਚ ਆਪਣੇ ਸਹੁਰੇ ਘਰ ਰਹਿ ਰਿਹਾ ਸੀ | ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਗਾਜ਼ੀ ਕੁਝ ਮਹੀਨੇ ਪਹਿਲਾਂ ਇੱਕ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ ਅਤੇ ਉਦੋਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਉਹ ਜਾਇਜ਼ ਪਛਾਣ ਪੱਤਰ ਨਾ ਹੋਣ ਕਰਕੇ ਡਰਿਆ ਹੋਇਆ ਸੀ | ਉਹ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ |