ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਨਾਲ ਵੱਡੇ ਪੱਧਰ 'ਤੇ ਮਨਾ ਰਹੀ ਹੈ | ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਤੇ ਵਿਉਂਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ | ਵੱਖ-ਵੱਖ ਸ਼ਹਿਰਾਂ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਬਾਬਤ ਸੌਂਦ ਨੇ ਦੱਸਿਆ ਕਿ 19 ਨਵੰਬਰ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਹੋਣ ਵਾਲੇ 4 ਨਗਰ ਕੀਰਤਨ ਕੁੱਲ 1563 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਅਤੇ ਇਹ ਪੂਰੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ-ਕਸਬਿਆਂ 'ਚੋਂ ਦੀ ਹੁੰਦੇ ਹੋਏ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੇ | ਉਨ੍ਹਾਂ ਦੱਸਿਆ ਕਿ ਮੁੱਖ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਵੇਗਾ, ਜੋ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਤੇ ਗੜ੍ਹਸ਼ੰਕਰ ਹੁੰਦਾ ਹੋਇਆ 22 ਨਵੰਬਰ ਨੂੰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ | 19 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਜੰਮੂ ਤੇ 20 ਨਵੰਬਰ ਨੂੰ ਪਠਾਨਕੋਟ ਵਿਖੇ ਹੋਵੇਗਾ, ਜਦਕਿ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਹੋਵੇਗਾ | ਇਹ ਨਗਰ ਕੀਰਤਨ ਕੁੱਲ 544 ਕਿਲੋਮੀਟਰ ਦੀ ਵਾਟ ਤੈਅ ਕਰੇਗਾ |
ਮਾਝਾ-ਦੁਆਬਾ ਰੂਟ 'ਤੇ 20 ਨਵੰਬਰ ਨੂੰ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ ਅਤੇ ਬਟਾਲਾ, ਬਾਬ ਬਕਾਲਾ, ਸ੍ਰੀ ਅੰਮਿ੍ਤਸਰ ਸਾਹਿਬ, ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ, ਜਲੰਧਰ, ਬੰਗਾ ਤੇ ਬਲਾਚੌਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ | 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਅਤੇ 21 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ | ਇਹ ਨਗਰ ਕੀਰਤਨ ਕੁੱਲ 345 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ | ਮਾਲਵਾ 1 ਰੂਟ 'ਤੇ 20 ਨਵੰਬਰ ਨੂੰ ਨਗਰ ਕੀਰਤਨ ਫ਼ਰੀਦਕੋਟ ਤੋਂ ਸ਼ੁਰੂ ਹੋਵੇਗਾ ਅਤੇ ਫ਼ਿਰੋਜ਼ਪੁਰ, ਮੋਗਾ, ਜਗਰਾਓਾ, ਲੁਧਿਆਣਾ, ਖੰਨਾ, ਸਰਹਿੰਦ, ਫ਼ਤਿਹਗੜ੍ਹ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ | 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਲੁਧਿਆਣਾ ਵਿਖੇ ਅਤੇ 21 ਨਵੰਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਹੋਵੇਗਾ | ਇਹ ਨਗਰ ਕੀਰਤਨ ਕੁੱਲ 320 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ | ਸੌਂਦ ਨੇ ਨੇ ਦੱਸਿਆ ਕਿ ਮਾਲਵਾ-2 ਰੂਟ 'ਤੇ 20 ਨਵੰਬਰ ਨੂੰ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਅਤੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਰਾਜਪੁਰਾ, ਬਨੂੜ, ਮੋਹਾਲੀ, ਕੁਰਾਲੀ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ | 20 ਨਵੰਬਰ ਨੂੰ ਨਗਰ ਕੀਰਤਨ ਦਾ ਠਹਿਰਾਅ ਸੰਗਰੂਰ ਵਿਖੇ ਅਤੇ 21 ਨਵੰਬਰ ਨੂੰ ਮੋਹਾਲੀ ਵਿਖੇ ਹੋਵੇਗਾ | ਇਹ ਨਗਰ ਕੀਰਤਨ ਕੁੱਲ 354 ਕਿਲੋਮੀਟਰ ਦਾ ਫ਼ਾਸਲਾ ਤੈਅ ਕਰੇਗਾ |
ਸ਼ਹੀਦੀ ਸ਼ਤਾਬਦੀ ਸੰਬੰਧੀ ਕੁੱਲ 1563 ਕਿੱਲੋਮੀਟਰ ਦੀ ਦੂਰੀ ਤੈਅ ਕਰਨਗੇ ਚਾਰ ਨਗਰ ਕੀਰਤਨ-ਤਰੁਨਪ੍ਰੀਤ ਸਿੰਘ ਸੌਂਦ <br/>
ਅਜੀਤ ਡੈਸਕ
06-11-2025