ਸ੍ਰੀ ਦਰਬਾਰ ਸਾਹਿਬ ਨੂੰ ਧਮਾਕਾ ਕਰਕੇ ਉਡਾਉਣ ਦੀਆਂ ਧਮਕੀਆਂ ਦਾ ਸੰਬੰਧ ਦੱਖਣੀ ਰਾਜਾਂ ਨਾਲ <br/>
ਅਜੀਤ ਡੈਸਕ
22-07-2025
ਅੰਮਿ੍ਤਸਰ, 21 ਜੁਲਾਈ-ਬੀਤੇ 14 ਜੁਲਾਈ ਤੋਂ ਵਿਸ਼ਵ ਪ੍ਰਸਿੱਧ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਆਰ. ਡੀ. ਐੱਕਸ. ਨਾਲ ਧਮਾਕਾ ਕਰਨ ਦੀਆਂ ਹੁਣ ਤੱਕ ਲਗਾਤਾਰ ਮਿਲ ਰਹੀਆਂ ਈਮੇਲ ਧਮਕੀਆਂ ਨਾਲ ਜਿਥੇ ਦੇਸ਼ ਵਿਦੇਸ਼ਾਂ 'ਚ ਵੱਸਦੇ ਸਿੱਖ ਭਾਈਚਾਰਾ ਚਿੰਤਤ ਹੈ ਉਥੇ ਇਨ੍ਹਾਂ ਧਮਕੀਆਂ ਦੇਣ ਵਾਲੇ ਦਾ ਹੁਣ ਤੱਕ ਠੋਸ ਖੁਰਾ ਖੋਜ਼ ਨਾ ਮਿਲਣਾਂ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਦੂਜੇ ਪਾਸੇ ਪੁਲਿਸ ਵਲੋਂ ਕੀਤੀ ਗਈ ਜਾਂਚ 'ਚ ਮਿਲ ਰਹੀਆਂ ਈਮੇਲ ਧਮਕੀਆਂ ਦਾ ਸਿੱਧਾ ਸੰਬੰਧ ਦਖਣੀ ਰਾਜਾਂ ਨਾਲ ਹੀ ਉਜ਼ਾਗਰ ਹੋਇਆ ਹੈ | ਇਸ ਤੋਂ ਪਹਿਲਾਂ ਦੱਖਣ ਭਾਰਤ ਦੇ ਪ੍ਰਸਿੱਧ ਰਾਮੇਸ਼ਵਰਮ (ਤਾਮਿਲਨਾਡੂ), ਜਗਨਨਾਥ ਪੁਰੀ (ਉੜੀਸਾ), ਮਹਾਂਕਾਲੀ ਮੰਦਰ (ਕੋਲਕਾਤਾ), ਕਾਮਾਖਿਆ ਦੇਵੀ ਮੰਦਰ (ਆਸਾਮ) ਆਦਿ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ | ਪੁਲਿਸ ਵਲੋਂ ਹੁਣ ਤੱਕ ਦੀ ਕੀਤੀ ਜਾਂਚ ਮੁਤਾਬਕ ਇਬਾਰਤ 'ਚ ਦੱਖਣੀ ਰਾਜਾਂ ਦੀਆਂ ਮੁਸ਼ਕਿਲਾਂ ਤੇ ਪਾਰਟੀਆਂ ਨਾਲ ਸੰਬੰਧ ਹੀ ਜਾਪਦਾ ਹੈ | ਈਮੇਲਜ਼ ਭੇਜਣ ਲਈ ਦੋਸ਼ੀ ਡਾਰਕਵੈੱਬ ਦੀ ਵਰਤੋਂ ਕਰ ਰਿਹਾ ਹੈ, ਇਸ ਕਾਰਨ ਧਮਕੀਆਂ ਵਾਲੀ ਈਮੇਲ ਦੇ ਆਈ.ਪੀ. ਏ. (ਇੰਟਰਨੈੱਟ ਪ੍ਰੋਟੋਕਾਲ ਐਡਰੈਸ) ਵੱਖ-ਵੱਖ ਦੇਸ਼ਾਂ ਦੇ ਆ ਰਹੇ ਹਨ | ਸ੍ਰੀ ਦਰਬਾਰ ਸਾਹਿਬ ਬਾਰੇ ਧਮਕੀ ਵਾਲੀ ਈਮੇਲਜ 'ਚ ਕੇਵਲ 2 ਸਤਰਾਂ ਹੀ ਧਮਕੀ ਵਾਲੀਆਂ ਹੁੰਦੀਆਂ ਹਨ ਜਦੋਂ ਕਿ ਬਾਕੀ ਰੋਣਾਂ ਦਖਣੀ ਰਾਜਾਂ ਦੀਆਂ ਮੁਸ਼ਕਿਲਾਂ ਦਾ ਹੀ ਰੋਇਆ ਹੁੰਦਾ ਹੈ | ਇਸ 'ਚ ਤਾਮਿਲਨਾਡੂ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੁੰਦਾ ਹੈ ਬਕਾਇਦਾ ਖੇਤਰੀ ਪਾਰਟੀਆਂ ਡੀ. ਐਮ. ਕੇ. ਆਦਿ ਦੇ ਨਾਵਾਂ ਦਾ ਜ਼ਿਕਰ ਹੁੰਦਾ ਹੈ | ਇਸ 'ਚ ਨੌਵਜਾਨਾਂ ਦੀਆਂ ਯੂਨੀਵਰਸਿਟੀਆਂ ਨਾਲ ਸੰਬੰਧਿਤ ਮੁਸ਼ਕਿਲਾਂ, ਲੜਕੀਆਂ ਦਾ ਸ਼ੋਸ਼ਣ ਆਦਿ ਮੁੱਦੇ ਵੀ ਜ਼ਿਕਰ ਕੀਤੇ ਗਏ ਹੁੰਦੇ ਹਨ | ਪੁਲਿਸ ਮੁਤਾਬਕ ਅਜਿਹੀਆਂ ਈਮੇਲ ਪਹਿਲਾਂ ਵੀ ਤਾਮਿਲਨਾਡੂ 'ਚ ਕਈ ਅਧਿਕਾਰੀਆਂ ਤੇ ਅਦਾਰਿਆਂ ਨੂੰ ਦਿੱਤੀਆਂ ਜਾਂਦੀਆਂ ਰਹੀਆਂ ਹਨ | ਇਸ ਲਈ ਪੁਲਿਸ ਵਲੋਂ ਸਾਰਾ ਜੋਰ ਤਾਮਿਲਨਾਡੂ ਵੱਲ ਹੀ ਲਾਇਆ ਜਾ ਰਿਹਾ ਹੈ ਤੇ ਤਾਮਿਲਨਾਡੂ ਦੀ ਪੁਲਿਸ ਨਾਲ ਪੰਜਾਬ ਪੁਲਿਸ ਵਲੋਂ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ |
ਹੁਣ ਤੱਕ ਕਿਹੜੇ ਕਿਹੜੇ ਰਾਜਾਂ ਦੇ ਧਾਰਮਿਕ ਸਥਾਨਾਂ ਨੂੰ ਮਿਲੀਆਂ ਹਨ ਧਮਕੀਆਂ :-
ਪੁਲਿਸ ਦੇ ਉੱਚ ਪੱਧਰੀ ਸੁੂਤਰਾਂ ਮੁਤਾਬਕ ਸ੍ਰੀ ਦਰਬਾਰ ਸਾਹਿਬ ਤੋਂ ਪਹਿਲਾਂ ਵੀ ਵਿਸ਼ਪ ਪ੍ਰਸਿੱਧੀ ਵਾਲੇ ਦੇਸ਼ ਦੇ ਮੰਦਿਰਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ | ਜਿਨ੍ਹਾਂ 'ਚ ਕੋਲਕਾਤਾ (ਪੱਛਮੀ ਬੰਗਾਲ), ਭੁਵਨੇਸ਼ਵਰ (ਓਡੀਛਾ), ਦੇਹਰਾਦੂਨ (ਉਤਰਾਖੰਡ), ਹੈਦਰਾਬਾਦ (ਤੇਲੰਗਾਨਾ), ਦਿੱਲੀ, ਗੁਹਾਟੀ (ਆਸਾਮ), ਪਟਨਾ (ਬਿਹਾਰ), ਇੰਫਾਲ (ਮਨੀਪੁਰ), ਕੋਚੀ (ਕੇਰਲਾ), ਜੈਪੁਰ (ਰਾਜਸਥਾਨ), ਰਾਂਚੀ (ਝਾਰਖੰਡ), ਲਖਨਊ (ਯੂ.ਪੀ.), ਬੇਂਗਲੁਰੂ (ਕਰਨਾਟਕ), ਚੇਨਈ (ਤਾਮਿਲਨਾਡੂ), ਮੁੰਬਈ (ਮਹਾਰਾਸ਼ਟਰ), ਅਹਿਮਦਾਬਾਦ (ਗੁਜ਼ਰਾਤ), ਭੁਪਾਲ (ਮੱਧ ਪ੍ਰਦੇਸ਼) ਆਦਿ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ |