ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਟਨ ਦੀ ਇਕ ਸਥਾਨਕ ਅਦਾਲਤ ਨੇ ਅੱਜ ਮੀਆਂ ਖਵਾਰ ਫ਼ਰੀਦ ਮੇਨਕਾ ਅਤੇ ਸਾਬਕਾ 'ਫ਼ਸਟ ਲੇਡੀ' (ਪਹਿਲੀ ਮਹਿਲਾ) ਬੁਸ਼ਰਾ ਬੀਬੀ ਦੇ ਪੁੱਤਰ ਮੂਸਾ ਮੇਨਕਾ ਨੂੰ ਆਪਣੇ ਪਿਤਾ ਦੇ ਆਊਟ ਹਾਊਸ 'ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ 'ਚ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ | ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਭਿ੍ਸ਼ਟਾਚਾਰ ਮਾਮਲੇ 'ਚ ਜੇਲ੍ਹ ਵਿਚ ਬੰਦ ਹਨ | ਪੁਲਿਸ ਅਨੁਸਾਰ ਗੋਲੀਬਾਰੀ ਦੀ ਘਟਨਾ ਇਕ ਦਿਨ ਪਹਿਲਾਂ ਵਾਪਰੀ ਸੀ, ਜਿਸ ਦੌਰਾਨ ਕਥਿਤ ਤੌਰ 'ਤੇ ਇਕ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਮੂਸਾ ਮੇਨਕਾ ਨੂੰ ਜ਼ੁਬਾਨੀ ਝਗੜੇ ਤੋਂ ਬਾਅਦ ਗੋਲੀ ਚਲਾਉਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਇਕ ਕਮਰੇ ਦੇ ਬਾਹਰ ਕੁਝ ਚਾਦਰਾਂ ਰੱਖੀਆਂ ਗਈਆਂ ਸਨ, ਜਿਸ ਕਾਰਨ ਮੂਸਾ ਗੁੱਸੇ 'ਚ ਆ ਗਿਆ, ਜਿਸ ਕਾਰਨ ਉਸ ਨੇ ਮੁੱਦਈ ਦੇ ਪੁੱਤਰ 'ਤੇ ਗੋਲੀ ਚਲਾ ਦਿੱਤੀ | ਪੁਲਿਸ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਮੂਸਾ ਮੇਨਕਾ ਤੋਂ ਇਕ ਪਿਸਤੌਲ ਵੀ ਬਰਾਮਦ ਕੀਤਾ |