01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਾਕਿ ਸਥਿਤ ਸਦੀਆਂ ਪੁਰਾਣਾ ਕਟਾਸਰਾਜ ਮੰਦਰ ਹੜ੍ਹ ਦੇ ਪਾਣੀ ਨਾਲ ਭਰਿਆ <br/>

ਅਜੀਤ ਡੈਸਕ 19-07-2025
ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਲਗਾਤਾਰ ਪੈ ਰਹੇ ਭਾਰੀ ਮੀਂਹਾਂ ਕਾਰਨ ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ ਸਥਿਤ ਹਿੰਦੂਆਂ ਦਾ ਪ੍ਰਾਚੀਨ ਸ੍ਰੀ ਕਟਾਸਰਾਜ ਮੰਦਰ ਹੜ੍ਹਾਂ ਦੇ ਪਾਣੀ 'ਚ ਕਾਫ਼ੀ ਜ਼ਿਆਦਾ ਡੁੱਬ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ 'ਅੰਮਿ੍ਤ ਕੁੰਭ' ਵਜੋਂ ਜਾਣੇ ਜਾਂਦੇ ਪਵਿੱਤਰ ਸਰੋਵਰ 'ਚ ਹੜ੍ਹਾਂ ਕਾਰਨ ਪਹਿਲੀ ਵਾਰ ਐਨਾ ਵਧੇਰੇ ਪਾਣੀ ਵਧਿਆ ਹੈ, ਜਿਸ ਨਾਲ ਸ੍ਰੀ ਕਟਾਸਰਾਜ ਤੀਰਥ ਸਥਿਤ ਪ੍ਰਾਚੀਨ ਮੰਦਰਾਂ, ਸਰਾਂਵਾਂ ਅਤੇ ਹੋਰਨਾ ਧਾਰਮਿਕ ਢਾਂਚਿਆਂ ਲਈ ਵੀ ਖ਼ਤਰਾ ਬਣ ਗਿਆ ਹੈ | ਇਹ ਸਰੋਵਰ ਦੋ ਕਨਾਲ ਅਤੇ 15 ਮਰਲੇ 'ਚ ਮੌਜੂਦ ਹੈ ਅਤੇ ਇਸ ਦੀ ਡੂੰਘਾਈ 20 ਫੁੱਟ ਹੈ | ਸਰੋਵਰ ਦੇ ਬਿਲਕੁਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਲਾਲ ਪੱਥਰ ਨਾਲ ਬਣੀ ਖ਼ਸਤਾ-ਹਾਲ ਹਵੇਲੀ ਵੀ ਮੌਜੂਦ ਹੈ | ਇਸ ਨੂੰ 12 ਅਪ੍ਰੈਲ, 1921 'ਚ ਅੰਗਰੇਜ਼ੀ ਸਰਕਾਰ ਅਤੇ ਦੂਜੀ ਵਾਰ ਸੰਨ 1956 ਵਿਚ ਪਾਕਿ ਸਰਕਾਰ ਨੇ ਸੁਰੱਖਿਅਤ ਸਮਾਰਕ ਐਲਾਨਿਆ ਸੀ | ਹੜ੍ਹਾਂ ਦੇ ਪਾਣੀ ਕਾਰਨ ਇਸ ਹਵੇਲੀ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ | ਸ੍ਰੀ ਕਟਾਸਰਾਜ ਦੇ ਸੰਬੰਧ ਵਿਚ ਤਵਾਰੀਖ਼-ਏ-ਜਿਹਲਮ ਅਤੇ ਬਿ੍ਟਿਸ਼ ਆਰਕੋਲੋਜਿਸਟ ਸਰ ਅਲੈਗਜੇਂਡਰ ਕਨਿੰਘਮ ਨੇ ਲਿਖਿਆ ਹੈ ਕਿ ਕਟਾਸਰਾਜ 'ਚ ਪਾਂਡਵ ਪੁੱਤਰਾਂ ਨੇ ਆਪਣੇ ਬਣਵਾਸ ਦੇ 12 ਸਾਲਾਂ 'ਚੋਂ 4 ਸਾਲ ਦਾ ਸਮਾਂ ਬਤੀਤ ਕੀਤਾ ਸੀ | ਇਥੇ ਉਨ੍ਹਾਂ ਨੇ 7 ਮੰਦਰਾਂ ਦਾ ਨਿਰਮਾਣ ਕਰਵਾਇਆ ਸੀ, ਜੋ ਅੱਜ ਵੀ ਸੱਤ-ਘਰਾਂ ਨਾਂਅ ਨਾਲ ਜਾਣੇ ਜਾਂਦੇ ਹਨ | ਗ਼ਜ਼ਨਵੀ ਕਾਲ 'ਚ ਪ੍ਰਸਿੱਧ ਯਾਤਰੂ ਅਤੇ ਇਤਿਹਾਸਕਾਰ ਅਲਬਰੂਨੀ ਲੰਬਾ ਸਮਾਂ ਕਟਾਸਰਾਜ ਠਹਿਰਿਆ ਸੀ | ਇਥੇ ਹੀ ਉਸ ਨੇ ਸੰਸਕਿ੍ਤ ਦੀ ਵਿਦਿਆ ਹਾਸਲ ਕੀਤੀ ਅਤੇ ਇਥੋਂ ਹੀ ਉਸ ਨੇ ਪੂਰੀ ਧਰਤੀ ਦਾ ਘੇਰਾ ਮਾਪਿਆ | 11ਵੀਂ ਸਦੀ ਵਿਚ ਲਿਖੀ ਉਸ ਦੀ ਪੁਸਤਕ 'ਕਿਤਾਬ ਉਲ ਹਿੰਦ' ਵਿਚ ਇਸ ਦੀ ਚਰਚਾ ਮਿਲਦੀ ਹੈ | ਮਹਾਂਭਾਰਤ ਸਮੇਤ ਫ਼ਾਹਿਯਾਨ ਅਤੇ ਜੁਆਨ ਜਾਂਗ ਦੀਆਂ ਲਿਖਤਾਂ 'ਚ ਵੀ ਕਟਾਸਰਾਜ ਕੁੰਭ ਦਾ ਜ਼ਿਕਰ ਹੈ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ ਤਾਰਾ ਸਿੰਘ ਗਿੱਲ ਐਡਵੋਕੇਟ <br/> ਅਗਲੀ ਖ਼ਬਰ ਸਕੂਲ ਮੈਨੇਜਮੈਂਟ ਕਮੇਟੀਆਂ 'ਚ ਸੱਤਾ ਧਿਰ ਦੀ ਦਖ਼ਲਅੰਦਾਜ਼ੀ ਦਾ ਮਾਮਲਾ ਭਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।