ਚੰਡੀਗੜ੍ਹ, 18 ਜੁਲਾਈ (ਸੰਦੀਪ ਕੁਮਾਰ ਮਾਹਨਾ)ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ | ਅਦਾਲਤ ਨੇ ਕਿਹਾ ਕਿ ਜਦੋਂ ਮਾਮਲੇ ਦੇ ਜ਼ਿਆਦਾਤਰ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤਾਂ ਦੋਸ਼ੀ ਨੂੰ ਜ਼ਮਾਨਤ ਦੇਣਾ ਉਚਿਤ ਹੋਵੇਗਾ ਤਾਂ ਜੋ ਉਹ ਆਪਣਾ ਬਚਾਅ ਚੰਗੀ ਤਰ੍ਹਾਂ ਕਰ ਸਕੇ, ਕਿਉਂਕਿ ਇਹ ਉਸ ਦਾ ਕਾਨੂੰਨੀ ਅਧਿਕਾਰ ਹੈ | ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ 9 ਵਿਚੋਂ 8 ਗਵਾਹਾਂ ਨੇ ਗਵਾਹੀ ਦਿੱਤੀ ਸੀ, ਸਿਰਫ਼ ਇਕ ਡਾਕਟਰ ਦੀ ਗਵਾਹੀ ਬਚੀ ਸੀ | ਅਜਿਹੀ ਸਥਿਤੀ ਵਿਚ ਦੋਸ਼ੀ ਨੂੰ ਜੇਲ੍ਹ ਵਿਚ ਰੱਖਣਾ ਜ਼ਰੂਰੀ ਨਹੀਂ ਹੈ | ਹਰਜਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਨੇ 12 ਜੁਲਾਈ 2022 ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿਚ ਹੈ | ਬਚਾਅ ਪੱਖ ਨੇ ਕਿਹਾ ਕਿ ਹਮਲਾਵਰ ਸ਼ਿਕਾਇਤਕਰਤਾ ਧਿਰ ਸੀ ਅਤੇ ਹਰਜਿੰਦਰ ਨੇ ਸਿਰਫ਼ ਸਵੈ-ਰੱਖਿਆ ਵਿਚ ਜਵਾਬ ਦਿੱਤਾ | ਅਦਾਲਤ ਨੇ ਮੁਲਜ਼ਮ ਨੂੰ ਇਹ ਨੋਟ ਕਰਦੇ ਹੋਏ ਜ਼ਮਾਨਤ ਦੇ ਦਿੱਤੀ ਕਿ ਉਹ ਲੰਬੇ ਸਮੇਂ ਤੋਂ ਜੇਲ੍ਹ ਵਿਚ ਹੈ ਅਤੇ ਮੁਕੱਦਮੇ ਦੀ ਗਵਾਹੀ ਲਗਭਗ ਪੂਰੀ ਹੋ ਗਈ ਹੈ |