24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਤਰਨ ਤਾਰਨ ਜ਼ਿਮਨੀ ਚੋਣ ਲਈ ਪੁਰਾਣੇ 'ਆਪ' ਆਗੂਆਂ ਨੇ ਠੋਕੀ ਟਿਕਟ ਲਈ ਦਾਅਵੇਦਾਰੀ <br/>

ਅਜੀਤ ਡੈਸਕ 17-07-2025
ਪਰਮਜੀਤ ਜੋਸ਼ੀ
ਤਰਨ ਤਾਰਨ, 16 ਜੁਲਾਈ-ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਹੋਣ 'ਤੇ ਜ਼ਿਮਨੀ ਚੋਣ ਸਿਰ 'ਤੇ ਆ ਗਈ ਹੈ | ਭਾਵੇਂਕਿ ਹਾਲੇ ਤੱਕ ਪੰਜਾਬ ਚੋਣ ਕਮਿਸ਼ਨ ਵਲੋਂ ਅਧਾਰਿਕਤ ਤੌਰ 'ਤੇ ਚੋਣ ਦਾ ਐਲਾਨ ਨਹੀਂ ਕੀਤਾ ਗਿਆ ਪਰ ਜਲਦ ਹੀ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ | ਜਿਸ ਦੇ ਚੱਲਦਿਆਂ ਤਰਨ ਤਾਰਨ ਤੋਂ ਜ਼ਿਮਨੀ ਚੋਣ ਲਈ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉਥੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਵਲੋਂ ਟਿਕਟ ਲਈ ਆਪਣੀ-ਆਪਣੀ ਦਾਅਵੇਦਾਰੀ ਠੋਕਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਰਨ ਤਾਰਨ ਸ਼ਹਿਰ ਵਿਚ ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰਾਂ ਵਲੋਂ ਆਪਣੇ-ਆਪਣੇ ਹੋਰਡਿੰਗ ਬੋਰਡ ਵੀ ਲਗਾ ਦਿੱਤੇ ਗਏ ਹਨ | 'ਆਪ' ਦੇ ਜਿਨ੍ਹਾਂ ਆਗੂਆਂ ਵਲੋਂ ਟਿਕਟ ਦੀ ਦਾਅਵੇਦਾਰੀ ਜਤਾਈ ਜਾ ਰਹੀ ਹੈ, ਉਨ੍ਹਾਂ ਵਿਚੋਂ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਸੰਧੂ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਮੀਤ ਪ੍ਰਧਾਨ ਅਤੇ ਸਵ. ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਭਾਣਜੇ ਐਡਵੋਕੇਟ ਕੋਮਲਪ੍ਰੀਤ ਸਿੰਘ, ਮੁੱਖ ਮੰਤਰੀ ਦੇ ਓ.ਐੱਸ.ਡੀ. ਦੇ ਨਜ਼ਦੀਕੀ ਰਿਸ਼ਤੇਦਾਰ ਅੰਗਦਦੀਪ ਸਿੰਘ ਸੋਹਲ, ਉਦਯੋਗ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਅਤੇ ਕੰਵਰਜੀਤ ਸਿੰਘ ਮਝੈਲ ਪ੍ਰਮੁੱਖ ਹਨ | ਉਕਤ ਆਗੂਆਂ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਆਪਣੇ-ਆਪਣੇ ਸਮਰਥਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ | ਪ੍ਰੰਤੂ ਬੀਤੇ ਦਿਨੀਂ ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਵਲੋਂ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਤੇ ਤਰਨ ਤਾਰਨ ਵਿਧਾਨ ਸਭਾ ਦੀ ਹੋ ਰਹੀ ਜ਼ਿਮਨੀ ਚੋਣ ਲਈ ਵੱਡੇ ਦਾਅਵੇਦਾਰ ਵਜੋਂ ਸਾਹਮਣੇ ਆਏ ਹਨ ਪਰ ਸਥਾਨਕ 'ਆਪ' ਆਗੂ ਇਸ ਗੱਲ ਨੂੰ ਪਚਾਅ ਨਹੀਂ ਰਹੇ ਅਤੇ ਉਨ੍ਹਾਂ ਨੇ ਜਿਥੇ ਆਪਣੇ ਤੌਰ 'ਤੇ ਪਿੰਡਾਂ ਵਿਚ ਜਾ ਕੇ ਪਾਰਟੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਉਥੇ ਆਉਣ ਵਾਲੇ ਦਿਨਾਂ ਵਿਚ ਹੀ ਇਹ ਆਗੂ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਪਸ ਵਿਚ ਮੀਟਿੰਗ ਵੀ ਕਰਨ ਜਾ ਰਹੇ ਹਨ | ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰੇ ਆਗੂ ਸਾਬਕਾ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਦਾ ਅੰਦਰ ਖਾਤੇ ਤੇ ਖੁੱਲ ਕੇ ਦੋਵੇ ਤਰ੍ਹਾਂ ਨਾਲ ਪਾਰਟੀ ਵਿਚ ਵਿਰੋਧ ਕਰ ਰਹੇ ਹਨ | ਇਥੋਂ ਤੱਕ ਕਿ ਪਿਛਲੇ ਦਿਨੀਂ ਇਕ ਸੀਨੀਅਰ 'ਆਪ' ਆਗੂ ਵਲੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ 'ਤੇ ਕਈ ਸੰਗੀਨ ਅਰੋਪ ਵੀ ਲਗਾਏ ਸਨ, ਜਿਨ੍ਹਾਂ ਦਾ ਸੰਬੰਧ ਅਕਾਲੀ ਸਰਕਾਰ ਸਮੇਂ ਦਾ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਦੇ ਪ੍ਰਮੁੱਖ ਦਾਅਵੇਦਾਰ ਹਨ | ਉਨ੍ਹਾਂ ਕਿਹਾ ਕਿ ਚੋਣ ਲੜਨ ਦਾ ਹੱਕ ਵੀ ਪੁਰਾਣੇ ਵਰਕਰਾਂ ਦਾ ਹੀ ਬਣਦਾ ਹੈ | ਇਸੇ ਤਰ੍ਹਾਂ ਇਕ ਹੋਰ ਆਮ ਆਦਮੀ ਪਾਰਟੀ ਆਗੂ ਗੁਰਸੇਵਕ ਸਿੰਘ ਔਲਖ ਨੇ ਕਿਹਾ ਕਿ ਉਹ ਵੀ ਟਿਕਟ ਦੇ ਦਾਅਵੇਦਾਰ ਹਨ ਤੇ ਪਾਰਟੀ ਦੇ ਸਾਰੇ ਪ੍ਰਮੁੱਖ ਵਰਕਰ ਇਹ ਚਾਹੁੰਦੇ ਹਨ ਕਿ ਤਰਨ ਤਾਰਨ ਜ਼ਿਮਨੀ ਚੋਣ ਲਈ ਸਥਾਨਕ ਪੁਰਾਣਾ ਆਮ ਆਦਮੀ ਪਾਰਟੀ ਦਾ ਆਗੂ ਹੀ ਉਮੀਦਵਾਰ ਹੀ ਚੋਣ ਲੜੇ | ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਉਣ ਵਾਲੇ ਇਕ-ਦੋ ਦਿਨਾਂ ਤੱਕ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਮਿਲ ਕੇ ਇਕ ਮੀਟਿੰਗ ਕਰਨਗੇ ਤੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਬਾਰੇ ਜਾਣੂ ਕਰਵਾਉਣਗੇ |

ਪਿਛਲੀ ਖ਼ਬਰ ਦਿੱਲੀ ਦੇ 8 ਸਕੂਲਾਂ 'ਚ ਬੰਬ ਦੀ ਧਮਕੀ ਅਗਲੀ ਖ਼ਬਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਬਾਰਾਮੁਲਾ ਤੋਂ ਜਾਸੂਸੀ ਦੇ ਦੋਸ਼ ਹੇਠ ਫ਼ੌਜੀ ਨੂੰ ਕੀਤਾ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।