540 ਕਰੋੜ ਦੀ ਜਾਇਦਾਦ ਸੰਬੰਧੀ ਲਗਾਏ ਦੋਸ਼ ਅਧਾਰਹੀਣ <br/> ਵਿਜੀਲੈਂਸ ਦੇ ਕੇਸ ਦਾ ਇਕੋ-ਇਕ ਮੰਤਵ ਰਾਜਸੀ ਬਦਲਾਖੋਰੀ ਅਤੇ ਮਜੀਠੀਆ ਪਰਿਵਾਰ ਨੂੰ ਡਰਾਉਣਾ-ਗਨੀਵ ਕੌਰ <br/>
ਅਜੀਤ ਡੈਸਕ
17-07-2025
ਚੰਡੀਗੜ੍ਹ, 13 ਜੁਲਾਈ- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਪੰਜਾਬ ਵਿਜੀਲੈਂਸ ਵਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ, ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕਾ ਗਨੀਵ ਕੌਰ ਨੇ ਅੱਜ ਇੱਥੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਜੀਠਾ ਪਰਿਵਾਰ ਸਰਕਾਰ ਦੀਆਂ ਸਾਜ਼ਿਸ਼ਾਂ ਤੋਂ ਡਰਨ ਜਾਂ ਘਬਰਾਉਣ ਵਾਲਾ ਨਹੀਂ ਤੇ ਹੁਣ ਸਰਕਾਰ ਨੂੰ ਅਦਾਲਤ ਵਿਚ 540 ਕਰੋੜ ਰੁਪਏ ਦੀ ਜਾਇਦਾਦ ਦੇ ਸਬੂਤ ਦੇਣੇ ਪੈਣਗੇ, ਨਹੀਂ ਤਾਂ ਇਕ ਹੋਰ ਮਾਣਹਾਨੀ ਦਾ ਕੇਸ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਲਈ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਡੇ ਪਰਿਵਾਰ 'ਤੇ ਅਤੇ ਮਜੀਠੀਆ ਸਾਹਿਬ ਦੇ ਅਕਸ ਨੂੰ ਖ਼ਰਾਬ ਕਰਨ ਲਈ ਰਚੀ ਗਈ ਇਸ ਸਾਜ਼ਿਸ਼ ਵਿਰੁੱਧ ਅਸੀਂ ਅੰਤ ਤਕ ਲੜਾਂਗੇ | ਗਨੀਵ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜਿਨ੍ਹਾਂ ਵਲੋਂ ਪਿਛਲੀਆਂ ਚੋਣਾਂ ਮੌਕੇ ਸ. ਮਜੀਠੀਆ ਵਿਰੁੱਧ ਨਸ਼ਾ ਤਸਕਰਾਂ ਨਾਲ ਸਾਂਝ ਦੇ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ ਨੇ ਘੋਖ ਤੋਂ ਬਾਅਦ ਆਪਣੇ ਦੋਸ਼ਾਂ ਦਾ ਕੋਈ ਆਧਾਰ ਨਾ ਹੋਣ ਦੀ ਗੱਲ ਮਹਿਸੂਸ ਕਰਦਿਆਂ ਮਜੀਠੀਆ ਵਲੋਂ ਪਾਏ ਗਏ ਮਾਣਹਾਨੀ ਦੇ ਕੇਸ ਵਿਚ ਉਸ ਸਮੇਂ ਪੇਸ਼ ਹੋ ਕੇ ਲਿਖਤੀ ਮੁਆਫ਼ੀ ਮੰਗ ਲਈ ਸੀ | ਉਨ੍ਹਾਂ ਕਿਹਾ ਕਿ ਮੇਰੇ ਨਾਮ 'ਤੇ ਜੋ ਵੀ ਜਾਇਦਾਦ ਹੈ ਉਸਨੂੰ ਮੈਂ ਵਿਧਾਨ ਸਭਾ ਦੀ ਚੋਣ ਲੜਨ ਮੌਕੇ ਸਪੱਸ਼ਟ ਕਰ ਦਿੱਤਾ ਸੀ ਅਤੇ ਉਸ ਤੋਂ ਇਲਾਵਾ ਮੇਰੇ ਨਾਮ 'ਤੇ ਇਕ ਰੁਪਏ ਦੀ ਵਾਧੂ ਜਾਇਦਾਦ ਸਾਬਤ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਮਸ਼ੋਬਰਾ (ਸ਼ਿਮਲਾ) ਵਿਖੇ, ਦਿੱਲੀ ਤੇ ਮਜੀਠਾ ਪਰਿਵਾਰ ਦੀ ਗੋਰਖਪੁਰ (ਯੂ.ਪੀ) ਵਿਖੇ ਬੰਦ ਪਈ ਮਿਲ 'ਤੇ ਵੀ ਜਾ ਕੇ ਪੂਰੀ ਛਾਣਬੀਣ ਕੀਤੀ ਹੈ ਲੇਕਿਨ ਵਿਜੀਲੈਂਸ ਅਜੇ ਤਕ ਇਕ ਵੀ ਅਜਿਹਾ ਦਸਤਾਵੇਜ਼ ਸਾਹਮਣੇ ਨਹੀਂ ਲਿਆ ਸਕੀ, ਜਿਸ ਵਿਚ ਸਾਡੀ ਕੋਈ ਅਣਐਲਾਨੀ ਜਾਇਦਾਦ ਸਾਬਤ ਕੀਤੀ ਜਾ ਸਕੇ | ਗਨੀਵ ਕੌਰ ਨੇ ਕਿਹਾ ਕਿ ਸੱਤਾ ਧਾਰੀਆਂ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦਿਆਂ ਅਜਿਹੇ ਢੰਗ ਨਾਲ ਤੰਗ ਪ੍ਰੇਸ਼ਾਨ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਸਾਡੇ ਸਿਆਸੀ ਤੰਤਰ ਅਤੇ ਸਰਕਾਰੀ ਪ੍ਰਣਾਲੀ ਲਈ ਇਕ ਵੱਡੀ ਚੁਣੌਤੀ ਹੈ | ਗਨੀਵ ਕੌਰ ਨੇ ਕਿਹਾ ਕਿ ਸਾਡੇ ਦੋਵੇਂ ਬੱਚੇ ਵੀ ਇਸ ਵੇਲੇ ਪੂਰੀ ਚੜ੍ਹਦੀ ਕਲਾ ਵਿਚ ਹਨ ਅਤੇ ਉਹ ਖੁਦ ਵੀ ਇਹ ਮਹਿਸੂਸ ਕਰਦੇ ਹਨ ਕਿ ਅਜਿਹੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਮਨਸੂਬਿਆਂ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਅਤੇ ਮਾਨਸਿਕ ਤੌਰ 'ਤੇ ਤੰਗ ਪੇ੍ਰਸ਼ਾਨ ਕਰਨ ਦੀਆਂ ਸਾਜ਼ਿਸ਼ਾਂ ਨੂੰ ਇਸ ਹੱਦ ਤਕ ਨੰਗਾ ਕੀਤਾ ਜਾਵੇ ਕਿ ਕੋਈ ਭਵਿੱਖ ਵਿਚ ਇਸ ਤਰ੍ਹਾਂ ਕਰਨ ਲਈ ਕੋਈ ਹਿੰਮਤ ਨਾ ਕਰ ਸਕੇ |
ਉਨ੍ਹਾਂ ਕਿਹਾ ਕਿ ਸਾਡੀ ਕਾਨੂੰਨੀ ਟੀਮ ਵਲੋਂ ਆਪਣਾ ਕੇਸ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ ਤੇ ਵਿਜੀਲੈਂਸ ਦੇ ਇਕ-ਇਕ ਦੋਸ਼ ਨੂੰ ਅਦਾਲਤ ਵਿਚ ਝੂਠਾ ਸਾਬਤ ਕਰਾਂਗੇ | ਉਨ੍ਹਾਂ ਇਸ਼ਾਰਾ ਦਿੱਤਾ ਕਿ ਸਰਕਾਰ ਮਜੀਠੀਆ ਨੂੰ ਬਹੁਤੀ ਦੇਰ ਤਕ ਜੇਲ੍ਹ ਵਿਚ ਨਹੀਂ ਰੱਖ ਸਕੇਗੀ ਤੇ ਉਨ੍ਹਾਂ ਦੀ ਟੀਮ ਛੇਤੀ ਹੀ ਜ਼ਮਾਨਤ ਦੀ ਅਰਜ਼ੀ ਵੀ ਲਗਾ ਰਹੀ ਹੈ | ਵਿਜੀਲੈਂਸ ਜਦੋਂਕਿ ਖੁਦ ਹੀ ਅਦਾਲਤ ਵਿਚ ਕਹਿ ਚੁੱਕੀ ਹੈ, ਕਿ ਉਨ੍ਹਾਂ ਨੂੰ ਮਜੀਠੀਆ ਦੀ ਪੱੁਛ ਗਿੱਛ ਲਈ ਹੋਰ ਰਿਮਾਂਡ ਦੀ ਲੋੜ ਨਹੀਂ, ਇਸ ਕਰਕੇ ਸ. ਮਜੀਠੀਆ ਨੂੰ ਜੇਲ੍ਹ ਵਿਚ ਰੱਖਣਾ ਆਪਣੇ ਆਪ ਹੀ ਬੇਲੋੜਾ ਹੋ ਗਿਆ ਹੈ | ਗਨੀਵ ਕੌਰ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਜਲੰਧਰ ਦੇ ਕਿਸੇ ਡਿਵੈਲਪਰ ਨਾਲ ਮੇਰਾ 25 ਫੀਸਦੀ ਹਿੱਸੇ ਦਾ ਦੋਸ਼ ਲਗਾ ਰਹੀ ਹੈ, ਜਦੋਂ ਕਿ ਮੈਂ ਜ਼ਿੰਦਗੀ ਵਿਚ ਜਲੰਧਰ ਪਹਿਲੀ ਵਾਰ ਕੇਸ ਰਜਿਸਟਰ ਹੋਣ ਤੋਂ ਬਾਅਦ ਹੀ ਗਈ ਹਾਂ | ਗਨੀਵ ਕੌਰ ਨੇ ਕਿਹਾ ਕਿ ਵਿਦੇਸ਼ਾਂ ਤੋਂ ਹਵਾਲਾ ਰਾਹੀਂ ਪੈਸਾ ਕੰਪਨੀਆਂ ਵਿਚ ਲਿਆਉਣ ਦੇ ਲਗਾਏ ਗਏ ਦੋਸ਼ਾਂ ਸਬੰਧੀ ਵੀ ਵਿਜੀਲੈਂਸ ਨੂੰ ਹੁਣ ਤਕ ਇਕ ਰੁਪਏ ਦਾ ਵੀ ਸਬੂਤ ਨਹੀਂ ਮਿਲ ਸਕਿਆ ਤੇ ਵਿਜੀਲੈਂਸ ਨੂੰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਤੇ ਅਦਾਲਤਾਂ ਵਿਚ ਵੀ ਇਸ ਦਾ ਜਵਾਬ ਦੇਣਾ ਪਵੇਗਾ | ਗਨੀਵ ਕੌਰ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਗਿ੍ਫ਼ਤਾਰੀ ਵਿਰੁੱਧ ਵਿਖਾਏ ਗਏ ਰੋਹ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੌਜੂਦਾ ਸਰਕਾਰ ਵਲੋਂ ਸਰਕਾਰੀ ਤੰਤਰ ਦੀ ਵੱਡੀ ਦੁਰਵਰਤੋਂ ਅਤੇ ਵਿਰੋਧੀਆਂ ਨੂੰ ਪੁਲਿਸ ਅਤੇ ਵਿਜੀਲੈਂਸ ਰਾਹੀਂ ਕੁੱਚਲਣ ਤੇ ਬਦਨਾਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਵਿਰੁੱਧ ਪੰਜਾਬ ਵਿਚ ਇਕ ਜਨਤਕ ਮੁਹਿੰਮ ਖੜੀ ਕੀਤੀ ਜਾਵੇ |