ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਨਿਪਾਲ ਸਰਹੱਦ ਅੱਤਵਾਦੀਆਂ ਤੇ ਘੁਸਪੈਠੀਆਂ ਲਈ ਭਾਰਤ ਤੇ ਪਾਕਿਸਤਾਨ 'ਚ ਦਾਖਲ ਹੋਣ ਲਈ ਗੇਟਵੇਅ ਸਾਬਤ ਹੋ ਰਹੀ ਹੈ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਨਿਪਾਲ ਵਿਚਾਲੇ ਆਵਾਜਾਈ ਲਈ ਪਾਸਪੋਰਟ ਅਤੇ ਵੀਜ਼ਾ ਲਾਜ਼ਮੀ ਨਾ ਹੋਣ ਕਰਕੇ ਦੇਸ਼ ਵਿਰੋਧੀ ਤਾਕਤਾਂ ਅਯੋਗ ਕਾਰਵਾਈਆਂ ਲਈ ਤੇ ਵੱਡੀ ਗਿਣਤੀ 'ਚ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਵੱਖ-ਵੱਖ ਮੁਲਕਾਂ ਦੇ ਘੁਸਪੈਠੀਆਂ ਵਲੋਂ ਦੂਜੇ ਮੁਲਕਾਂ 'ਚ ਗਲਤ ਢੰਗ ਨਾਲ ਦਾਖਲ ਹੋਣ ਲਈ ਇਸ ਰਸਤੇ ਦਾ ਲਾਹਾ ਲਿਆ ਜਾ ਰਿਹਾ ਹੈ | ਇਸ ਬਾਰੇ ਜਾਰੀ ਇਕ ਰਿਪੋਰਟ ਦੇ ਅਨੁਸਾਰ ਨਿਪਾਲ ਜਾਸੂਸਾਂ ਅਤੇ ਘੁਸਪੈਠੀਆਂ ਲਈ ਭਾਰਤ 'ਚ ਦਾਖਲ ਹੋਣ ਲਈ ਸਭ ਤੋਂ ਪਸੰਦੀਦਾ ਸਰਹੱਦ ਬਣੀ ਹੋਈ ਹੈ | ਭਾਰਤ ਦੇ ਖ਼ਿਲਾਫ਼ ਕੰਮ ਕਰ ਰਹੀਆਂ ਲਗਭਗ ਸਾਰੀਆਂ ਦੇਸ਼ ਵਿਰੋਧੀ ਜਥੇਬੰਦੀਆਂ ਆਵਾਜਾਈ ਲਈ ਨਿਪਾਲ ਸਰਹੱਦ ਦੀ ਹੀ ਵਰਤੋਂ ਕਰਦੀਆਂ ਹਨ | ਭਾਰਤ ਦੇ 5 ਰਾਜਾਂ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ ਗੁਆਂਢੀ ਮੁਲਕ ਨਿਪਾਲ ਦੇ ਨਾਲ ਲੱਗਦੇ ਹਨ | ਨਿਪਾਲ ਬਾਰਡਰ ਦੇ ਵੱਡੇ ਹਿੱਸੇ ਨੂੰ ਭਾਰਤ ਵਲੋਂ ਖੁੱਲ੍ਹੀ ਸਰਹੱਦ ਐਲਾਨਿਆ ਗਿਆ ਹੈ | ਉਕਤ ਰਿਪੋਰਟ ਮੁਤਾਬਿਕ ਨਿਪਾਲ ਸਰਹੱਦ ਰਾਹੀਂ ਮਨੁੱਖੀ ਤਸਕਰੀ ਦੇ ਨਾਲ-ਨਾਲ ਡਰੱਗ, ਨਸ਼ਿਆਂ ਦੀ ਤਸਕਰੀ ਹੋ ਰਹੀ ਹੈ ਤੇ ਵੱਡੇ ਪੱਧਰ 'ਤੇ ਜਾਅਲੀ ਕਰੰਸੀ ਦਾ ਵੀ ਲੈਣ-ਦੇਣ ਹੋ ਰਿਹਾ ਹੈ | ਉਕਤ ਰਿਪੋਰਟ ਨੇ ਮੰਨਿਆ ਹੈ ਕਿ ਕਾਠਮੰਡੂ ਦੇ ਤਿ੍ਭਵਨ ਹਵਾਈ ਅੱਡੇ 'ਤੇ ਸੁਰੱਖਿਆ ਬਹੁਤ ਕਮਜ਼ੋਰ ਹੈ | ਇਹ ਨਿਪਾਲ ਦਾ ਇਕਲੌਤਾ ਕੌਮਾਂਤਰੀ ਹਵਾਈ ਅੱਡਾ ਹੈ ਜਿੱਥੇ ਬਾਹਰੀ ਮੁਲਕਾਂ ਤੋਂ ਯਾਤਰੀ ਪਹੁੰਚਦੇ ਹਨ | ਇਸ ਤੋਂ ਬਾਅਦ ਵੀ ਏਅਰਪੋਰਟ ਅਥਾਰਿਟੀ ਯਾਤਰੀਆਂ ਦਾ ਡਾਟਾਬੇਸ ਨਹੀਂ ਰੱਖਦੀ | ਇਕ ਹੋਰ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਅਤੇ ਨਿਪਾਲ ਵਿਚਕਾਰ ਕੂਟਨੀਤਕ ਸਬੰਧ ਮਾਰਚ 1960 'ਚ ਸਥਾਪਤ ਹੋਏ | ਇਸ ਦੇ ਬਾਵਜੂਦ ਪਾਕਿ ਦੇ ਕਈ ਡਿਪਲੋਮੈਟ ਤੇ ਉਨ੍ਹਾਂ ਦੇ ਸਟਾਫ਼ ਦੀ ਆੜ 'ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਵੱਡੀ ਗਿਣਤੀ 'ਚ ਲੋਕ ਰਾਜਧਾਨੀ ਕਾਠਮੰਡੂ 'ਚ ਰਹਿ ਰਹੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਪਾਲ ਇਕ ਛੋਟਾ ਜਿਹਾ ਦੇਸ਼ ਹੈ, ਜਿੱਥੇ ਇੰਨੇ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਸਟਾਫ਼ ਦੀ ਲੋੜ ਨਹੀਂ ਹੈ | ਨਿਪਾਲ 'ਚ ਪਾਕਿਸਤਾਨੀ ਸਫ਼ਾਰਤਖ਼ਾਨਾ ਕਾਠਮੰਡੂ ਸ਼ਹਿਰ ਦੀ ਰਿੰਗ ਰੋਡ 'ਤੇ ਪੁਸ਼ਪਾਂਜਲੀ (ਨਰਾਇਣ ਗੋਪਾਲ ਚੌਕ) ਵਿਖੇ ਮਹਾਰਾਜਗੰਜ 'ਚ ਸਥਾਪਤ ਹੈ |
ਅੱਤਵਾਦੀਆਂ ਲਈ ਗੇਟਵੇਅ ਸਾਬਤ ਹੋ ਰਹੀ ਨਿਪਾਲ ਸਰਹੱਦ <br/>
ਅਜੀਤ ਡੈਸਕ
16-07-2025