ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਵਿਦੇਸ਼ 'ਚ ਰਹਿੰਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰ ਸੁਲੇਮਾਨ ਖ਼ਾਨ ਅਤੇ ਕਾਸਿਮ ਖ਼ਾਨ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਦੀ ਰਾਜਨੀਤੀ 'ਚ ਦਾਖਲ ਹੋਣ ਦੀ ਤਿਆਰੀ 'ਚ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ 'ਬਿਟਿ੍ਸ਼ ਰਾਜਕੁਮਾਰ' 5 ਅਗਸਤ ਨੂੰ ਅਡਿਆਲਾ ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੀ ਰਿਹਾਈ ਲਈ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਅੰਦੋਲਨ 'ਚ ਸ਼ਾਮਿਲ ਹੋ ਸਕਦੇ ਹਨ | ਖ਼ਾਨ ਭਿ੍ਸ਼ਟਾਚਾਰ ਦੇ ਮਾਮਲੇ 'ਚ 5 ਅਗਸਤ 2023 ਤੋਂ ਜੇਲ੍ਹ ਵਿਚ ਬੰਦ ਹਨ | ਇਸ ਤੋਂ ਪਹਿਲਾਂ ਪੀ. ਟੀ. ਆਈ. ਖ਼ਾਨ ਨੂੰ ਜੇਲ੍ਹ 'ਚੋਂ ਕੱਢਣ ਲਈ ਕਈ ਕਾਨੂੰਨੀ ਕੋਸ਼ਿਸ਼ਾਂ ਕਰ ਚੁਕੀ ਹੈ ਤੇ ਹੁਣ ਬਿ੍ਟੇਨ 'ਚ ਰਹਿੰਦੀ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਅਤੇ ਕਾਸਿਮ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਦੀ ਰਿਹਾਈ ਲਈ ਪੀ. ਟੀ. ਆਈ. ਵਲੋਂ 5 ਅਗਸਤ ਨੂੰ ਪਾਕਿ 'ਚ ਇਕ ਮੈਗਾ ਰੈਲੀ ਕਰਵਾਈ ਜਾ ਰਹੀ ਹੈ | ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਪ੍ਰਤੀ ਪਾਕਿ ਸਰਕਾਰ, ਉੱਥੋਂ ਦੀਆਂ ਏਜੰਸੀਆਂ, ਫ਼ੌਜ ਅਤੇ ਪੁਲਿਸ ਦੁਆਰਾ ਕੀਤੇ ਜਾ ਰਹੇ ਰਵੱਈਏ 'ਤੇ ਗੁੱਸਾ ਪ੍ਰਗਟ ਕਰਦਿਆਂ ਇਕ ਪੋਸਟ 'ਚ ਕਾਸਿਮ ਖ਼ਾਨ ਨੇ ਕਿਹਾ ਕਿ ਸਾਡੇ ਪਿਤਾ ਭਿ੍ਸ਼ਟ ਸ਼ਾਸਨ ਦਾ ਵਿਰੋਧ ਕਰਨ ਲਈ ਉਨ੍ਹਾਂ ਤੋਂ ਦੂਰ ਜ਼ਿਆਦਾਤਰ ਪਾਕਿ 'ਚ ਰਹੇ | ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਵੀ ਇਸ ਮੁੱਦੇ ਬਾਰੇ ਲਿਖਿਆ ਹੈ ਕਿ ਉਸ ਦੇ ਬੱਚਿਆਂ ਨੂੰ ਆਪਣੇ ਪਿਤਾ ਨਾਲ ਫ਼ੋਨ 'ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ | ਖ਼ਾਨ ਲਗਭਗ ਦੋ ਸਾਲਾਂ ਤੋਂ ਜੇਲ੍ਹ 'ਚ ਇਕਾਂਤ ਕੈਦ ਵਿਚ ਹਨ | ਪਾਕਿ ਸਰਕਾਰ ਨੇ ਹੁਣ ਕਿਹਾ ਹੈ ਕਿ ਜੇਕਰ ਉਹ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਹ ਕਿਸੇ ਵੀ ਲੋਕਤੰਤਰ ਜਾਂ ਕਿਸੇ ਗਤੀਸ਼ੀਲ ਰਾਜ 'ਚ ਨਹੀਂ ਹੁੰਦਾ | ਇਹ ਰਾਜਨੀਤੀ ਨਹੀਂ, ਸਗੋਂ ਇਕ ਨਿੱਜੀ ਬਦਲਾਖੋਰੀ ਹੈ | ਉੱਧਰ, ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੇ ਕਿਹਾ ਕਿ ਸੁਲੇਮਾਨ ਅਤੇ ਕਾਸਿਮ ਅਮਰੀਕਾ ਵੀ ਜਾਣਗੇ ਤੇ ਉੱਥੇ ਜਾ ਕੇ ਦੱਸਣਗੇ ਕਿ ਪਾਕਿ 'ਚ ਮਨੁੱਖੀ ਅਧਿਕਾਰਾਂ ਦਾ ਕਿੰਜ ਘਾਣ ਕੀਤਾ ਜਾ ਰਿਹਾ ਹੈ |
ਪਾਕਿ ਦੀ ਰਾਜਨੀਤੀ 'ਚ ਦੋ 'ਬਿ੍ਟਿਸ਼ ਰਾਜ ਕੁਮਾਰਾਂ' ਦਾ ਦਾਖਲਾ <br/>
ਅਜੀਤ ਡੈਸਕ
16-07-2025