ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)-ਵਿਰਾਸਤੀ ਇਮਾਰਤਾਂ, ਦਰੱਖਤਾਂ, ਨਦੀਆਂ-ਨਾਲਿਆਂ ਤੇ ਸੋ ਸਾਲ ਤੋਂ ਪੁਰਾਣੀਆਂ ਵਿਰਾਸਤੀ ਸੰਪਤੀਆਂ ਦੀ ਸੰਭਾਲ ਲਈ ਦੇਸ਼ ਭਰ 'ਚ ਸੇਵਾ ਨਿਭਾਅ ਰਹੀ ਸੰਸਥਾ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ਼ (ਇੰਟੈਕ) ਵਲੋਂ ਸਾਲ 2025 ਦੇ ਟਾਪਿਕ 'ਟਰੀ ਆਫ਼ ਲਾਈਫ਼' ਨੈਸ਼ਨਲ ਪੋਸਟਰ ਮੇਕਿੰਗ ਕੰਪੀਟੀਸ਼ਨ ਸਿਰਲੇਖ ਅਧੀਨ ਇਕ ਪੋਸਟਰ ਮੇਕਿੰਗ ਮੁਕਾਬਲਾ ਸਥਾਨਕ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ | ਮੁਕਾਬਲੇ 'ਚ ਸਕੂਲ ਦੇ ਸੱਤਵੀਂ ਤੋਂ ਨੌਂਵੀ ਸ਼੍ਰੇਣੀ ਦੇ 20 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਵਲੋਂ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਵਿਰਾਸਤੀ ਰੁੱਖਾਂ ਜਿਵੇਂ ਬੋਹੜ, ਟਾਹਲੀ, ਪਿੱਪਲ, ਨਿੰਮ ਤੇ ਨਾਰੀਅਲ ਆਦਿ ਦੀ ਪੇਂਟਿੰਗ ਤਿਆਰ ਕੀਤੀ ਗਈ | ਇਸ ਦੇ ਨਾਲ ਹੀ ਦਰੱਖ਼ਤ ਦੇ ਰਾਸ਼ਟਰੀ ਮਹੱਤਵ ਜਿਵੇਂ ਇਸ ਦਾ ਨਾਂਅ, ਇਸ ਤੋਂ ਪ੍ਰਾਪਤ ਫਲ ਫੁੱਲ, ਲੱਕੜ ਅਤੇ ਇਸ 'ਤੇ ਨਿਰਭਰ ਜੀਵਨ ਜਿਵੇਂ ਪਸ਼ੂਆਂ ਲਈ ਪੰਛੀਆਂ ਲਈ ਖ਼ੁਰਾਕ, ਇਸ ਦਾ ਵਾਤਾਵਰਨ ਤੇ ਪ੍ਰਭਾਵ ਆਦਿ ਵਿਸ਼ੇ 'ਤੇ 200 ਸ਼ਬਦਾਂ ਵਿਚ ਇਕ ਨਿਬੰਧ ਵੀ ਲਿਖਿਆ ਗਿਆ | ਇੰਟੈਕ ਦੇ ਜ਼ਿਲ੍ਹਾ ਕਨਵੀਨਰ ਪ੍ਰੋ. ਬਲਤੇਜ ਸਿੰਘ ਬਰਾੜ, ਸਹਿ ਕਨਵੀਨਰ ਇੰਜ. ਰਾਜ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਸਕੂਲ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਤੇ ਸਕੂਲ ਚੇਅਰਮੈਨ ਪਵਨ ਮਿੱਤਲ ਅਤੇ ਸਰਪਸਤ ਅਸ਼ੋਕ ਚਾਵਲਾ ਦੇ ਨਿਰਦੇਸ਼ ਅਧੀਨ ਸਕੂਲ ਵਿਖੇ ਇਹ ਮੁਕਾਬਲਾ ਕਰਵਾਇਆ ਗਿਆ | ਸਕੂਲ ਦੇ ਆਰਟ ਅਧਿਆਪਕ ਸੁਰਿੰਦਰ ਕੌਰ ਵਲੋਂ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ | ਇੰਟੈਕ ਵਲੋਂ ਹਰ ਪ੍ਰਤੀਯੋਗੀ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ |