ਸ੍ਰੀ ਮੁਕਤਸਰ ਸਾਹਿਬ, 3 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੇ ਉਪ ਖ਼ਜ਼ਾਨਾ ਦਫ਼ਤਰ ਮਲੋਟ, ਲੰਬੀ ਤੇ ਗਿੱਦੜਬਾਹਾ ਵਿਖੇ 4, 5 ਤੇ 6 ਦਸੰਬਰ ਨੂੰ ਈ-ਕੇ.ਵਾਈ.ਸੀ. ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਸੰਬੰਧਿਤ ਖ਼ਜ਼ਾਨਾ ਦਫ਼ਤਰ ਵਿਖੇ ਰਾਬਤਾ ਕਾਇਮ ਕਰਨ | ਉਨ੍ਹਾਂ ਦੱਸਿਆ ਕਿ 4 ਤੋਂ 6 ਦਸੰਬਰ ਦੌਰਾਨ ਸਾਰੇ ਪੈਨਸ਼ਨਰਾਂ ਨੂੰ ਆਪਣੀ ਈ-ਕੇ.ਵਾਈ.ਸੀ. ਮੁਕੰਮਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤੇ ਜਿਨ੍ਹਾਂ ਦੀ ਈ-ਕੇ.ਵਾਈ.ਸੀ. ਬਾਕੀ ਹੈ, ਉਨ੍ਹਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਮੂਹ ਪੈਨਸ਼ਨਰਾਂ/ਫ਼ੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸੰਬੰਧੀ ਈ-ਕੇ.ਵਾਈ.ਸੀ. ਕੀਤੀ ਜਾਵੇਗੀ ਤੇ ਇਸ ਸੰਬੰਧੀ ਜਾਗਰੂਕ ਵੀ ਕੀਤਾ ਜਾਵੇਗਾ | ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ/ਫ਼ੈਮਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਪੀ.ਪੀ.ਓ. ਦੀ ਕਾਪੀ, ਆਧਾਰ ਕਾਰਡ, ਬੈਂਕ ਖ਼ਾਤੇ ਦੀ ਕਾਪੀ ਤੇ ਮੋਬਾਇਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੋਵੇ, ਨਾਲ ਲੈ ਕੇ ਸੰਬੰਧਿਤ ਖੇਤਰ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਾਂ ਉਪ ਖ਼ਜ਼ਾਨਾ ਦਫ਼ਤਰ ਪਹੁੰਚ ਕੇ ਆਪਣੀ ਈ-ਕੇ.ਵਾਈ.ਸੀ. ਪ੍ਰਕਿਰਿਆ ਪੂਰੀ ਕਰਕੇ ਸਹੂਲਤ ਦਾ ਲਾਭ ਜ਼ਰੂਰ ਲੈਣ |