ਕੋਟਕਪੂਰਾ, 3 ਦਸੰਬਰ (ਮੋਹਰ ਗਿੱਲ, ਮੇਘਰਾਜ)-ਕੋਟਕਪੂਰਾ-ਮੋਗਾ ਮੁੱਖ ਸੜਕ 'ਤੇ ਪਿੰਡ ਕੋਠੇ ਥੇਹ ਵਿਖੇ ਵਾਪਰੇ ਇਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਤੇ ਉਸ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਲਾਧੂ ਵਾਲਾ ਦੇ ਨਜ਼ਦੀਕ ਪਿੰਡ ਘਾਂਗਾ ਦੇ ਵਸਨੀਕ ਰੋਹਿਤ ਪੁੱਤਰ ਸੂਰਜ ਸਿੰਘ ਤੇ ਉਸ ਦਾ ਇਕ ਸਾਥੀ ਯੁਵਰਾਜ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ | ਇਸ ਦੌਰਾਨ ਜਦ ਉਹ ਕੋਠੇ ਥੇਹ ਵਿਖੇ ਆਪਣੇ ਤੋਂ ਅੱਗੇ ਜਾ ਰਹੇ ਇਕ ਘੋੜੇ ਟਰਾਲੇ ਨੂੰ ਓਵਰਟੇਕ ਕਰਨ ਲੱਗੇ ਤਾਂ ਮੋਟਰ ਸਾਈਕਲ ਟਰਾਲੇ ਦੇ ਪਿਛਲੇ ਪਾਸੇ ਟੱਕਰਾ ਗਿਆ, ਜਿਸ ਕਾਰਨ ਇਹ ਦੋਵੇਂ ਸੜਕ 'ਤੇ ਡਿੱਗ ਪਏ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਸੜਕ 'ਤੇ ਡਿੱਗਣ ਕਾਰਨ ਮੋਟਰ ਸਾਈਕਲ ਚਲਾ ਰਹੇ ਰੋਹਿਤ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਸਾਥੀ ਯੁਵਰਾਜ ਨੂੰ ਤੁਰੰਤ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ | ਮੌਕੇ 'ਤੇ ਇਕੱਤਰ ਹੋਏ ਪਿੰਡ ਵਾਸੀਆਂ ਵਲੋਂ ਇਸ ਦੀ ਸੂਚਨਾ ਸ਼ਹਿਰੀ ਪੁਲਿਸ ਨੂੰ ਦਿੱਤੀ ਗਈ | ਸ਼ਹਿਰੀ ਪੁਲਿਸ ਕੋਟਕਪੂਰਾ ਨੇ ਮੌਕੇ 'ਤੇ ਪੁੱਜ ਕੇ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ |