ਜੈਤੋ, 19 ਨਵੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਮਲੋਟ ਵਿਚ ਪੱਤਰਕਾਰ ਰਣਜੀਤ ਸਿੰਘ ਗਿੱਲ ਨਾਲ ਵਾਪਰੀ ਘਟਨਾ ਨੇ ਪੱਤਰਕਾਰ ਭਾਈਚਾਰੇ ਵਿਚ ਗੰਭੀਰ ਚਿੰਤਾ ਤੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਪੱਤਰਕਾਰਾਂ ਵਿਰੁੱਧ ਵੱਧ ਰਹੀਆਂ ਘਟਨਾਵਾਂ ਨੂੰ ਲੋਕਤੰਤਰ ਦੇ ਚੌਥੇ ਖੰਭੇ ਲਈ ਵੱਡਾ ਖਤਰਾ ਮੰਨਦਿਆਂ ਪ੍ਰੈੱਸ ਕਲੱਬ ਗੰਗਸਰ ਜੈਤੋ ਵਲੋਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਅੱਜ ਕਲੱਬ ਦੇ ਸਮੂਹ ਅਹੁਦੇਦਾਰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਧਾਨ ਗੁਰਮੀਤਪਾਲ ਸ਼ਰਮਾ ਰੋੜੀਕਪੂਰਾ ਦੀ ਅਗਵਾਈ ਹੇਠ ਐਸ.ਡੀ.ਐਮ. ਜੈਤੋ ਸੂਰਜ ਕੁਮਾਰ ਨੂੰ ਮਿਲੇ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ | ਅਹੁਦੇਦਾਰਾਂ ਨੇ ਐਸ.ਡੀ.ਐਮ. ਨੂੰ ਦੱਸਿਆ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਪ੍ਰਸ਼ਾਸਨਿਕ ਤੰਤਰ ਵਲੋਂ ਸਖ਼ਤ ਕਦਮ ਚੁੱਕਣ ਬਹੁਤ ਜ਼ਰੂਰੀ ਹਨ, ਕਿਉਂਕਿ ਪੱਤਰਕਾਰ ਹੀ ਮੈਦਾਨ ਵਿਚ ਜਾ ਕੇ ਲੋਕਾਂ ਦੀ ਆਵਾਜ਼ ਬਣਦੇ ਹਨ | ਮੰਗ ਪੱਤਰ 'ਚ ਸਪੱਸ਼ਟ ਰੂਪ 'ਚ ਮਲੋਟ ਘਟਨਾ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ | ਸਮੂਹ ਅਹੁਦੇਦਾਰਾਂ ਨੇ ਐਸ.ਡੀ.ਐਮ. ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਤਰਜੀਹੀ ਅਧਾਰ 'ਤੇ ਲੈ ਕੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਸ ਮੌਕੇ ਪ੍ਰਧਾਨ ਗੁਰਮੀਤ ਪਾਲ ਸ਼ਰਮਾ ਰੋੜੀਕਪੂਰਾ, ਸਰਪ੍ਰਸਤ ਰੇਸ਼ਮ ਵੜਤੀਆ, ਚੇਅਰਮੈਨ ਨਰੇਸ਼ ਸੇਠੀ, ਮੁੱਖ ਸਲਾਹਕਾਰ ਅਸ਼ੋਕ ਜਿੰਦਲ, ਜਰਨਲ ਸਕੱਤਰ ਸਤਵਿੰਦਰ ਪਾਲ ਸਿੰਘ ਅੰਗਰੋਈਆ, ਖਜ਼ਾਨਚੀ ਰਮਨ ਸਿੰਘ ਭੂਰਾ, ਹਰਮੇਲ ਪਰੀਤ, ਤਰਸੇਮ ਗੋਇਲ, ਕਰਨ ਸਿੰਘ ਬਰਾੜ, ਹਰਵਿੰਦਰ ਸ਼ਰਮਾ, ਲਵ ਰਾਜ ਸ਼ਰਮਾ, ਸੋਮੀ ਅਰੋੜਾ, ਸਵਰਨ ਸਿੰਘ ਨਿਆਮੀ ਵਾਲਾ, ਸੰਧੀਰ ਗਰਗ ਬਰਗਾੜੀ ਆਦਿ ਹਾਜ਼ਰ ਸਨ |