• ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਕੀਤਾ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨਾਂ 'ਚ ਯੂਰਪ ਵਿਖੇ ਮਹਿਜ਼ 4 ਸਾਲ ਦੀ ਉਮਰ 'ਚ ਗੱਤਕੇ ਦੇ ਜੌਹਰ ਵਿਖਾ ਕੇ ਗੱਤਕਾ ਚੈਂਪੀਅਨ ਬਣੇ ਫ਼ਤਿਹ ਸਿੰਘ ਨੇ ਪੰਜਾਬ ਦਾ ਨਾਂਅ ਦੇਸ਼ ਤੇ ਵਿਦੇਸ਼ ਵਿਚ ਰੌਸ਼ਨ ਕੀਤਾ ਹੈ | ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਪਿਤਾ ਰਮਨਦੀਪ ਸਿੰਘ ਤੇ ਮਾਤਾ ਨਵਪ੍ਰੀਤ ਕੌਰ ਨਾਲ ਅੰਮਿ੍ਤਸਰ ਸਾਹਿਬ ਤੋਂ ਪਹੁੰਚੇ ਫ਼ਤਿਹ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਗੱਤਕੇ ਦੇ ਜੌਹਰ ਵਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ | ਉਸ ਦੇ ਪਿਤਾ ਰਮਨਦੀਪ ਸਿੰਘ ਨੇ ਕਿਹਾ ਕਿ ਇਹ ਬਖ਼ਸ਼ਿਸ਼ ਵਾਹਿਗੁਰੂ ਜੀ ਦੀ ਕਿਰਪਾ ਹੈ, ਬੱਚਾ ਢਾਈ ਸਾਲ ਦੀ ਉਮਰ ਵਿਚ ਹੀ ਬਾਣੇ ਦਾ ਧਾਰਨੀ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਬਹੁਤ ਮਾਣ ਮਹਿਸੂਸ ਹੋਇਆ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਬਾਣੀ ਤੇ ਬਾਣੇ ਨਾਲ ਜੋੜਨ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਬੁਰਾਈਆਂ ਤੋਂ ਬਚਣ ਲਈ ਸਭ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਵਿਖੇ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜੈ ਰਾਜ ਸਿੰਘ ਬਰਾੜ ਵਲੋਂ ਬੱਚੇ ਫ਼ਤਿਹ ਸਿੰਘ ਦਾ ਮਾਣ-ਸਨਮਾਨ ਕਰਨਾ ਸਾਡੇ ਲਈ ਖ਼ੁਸ਼ੀ ਦੀ ਗੱਲ ਹੈ | ਇਸ ਮੌਕੇ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਸਿੱਖ ਇਤਿਹਾਸ ਬਹੁਤ ਸ਼ਾਨਾਮੱਤੀ ਤੇ ਗੌਰਵਮਈ ਹੈ | ਉਨ੍ਹਾਂ ਫ਼ਤਿਹ ਸਿੰਘ ਗਿੱਲ ਦੀ ਛੋਟੀ ਉਮਰ ਵਿਚ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦਿਆਂ ਵਧਾਈ ਦਿੱਤੀ ਅਤੇ ਫ਼ਤਿਹ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਮਾਤਾ-ਪਿਤਾ ਨੂੰ ਹਨੀ ਫ਼ੱਤਣਵਾਲਾ ਤੇ ਜੈ ਰਾਜ ਸਿੰਘ ਬਰਾੜ ਫ਼ੱਤਣਵਾਲਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫ਼ਤਿਹ ਸਿੰਘ ਵਲੋਂ ਜੈ ਰਾਜ ਸਿੰਘ ਬਰਾੜ ਦੇ ਸਿਰ 'ਤੇ ਖ਼ੁਦ ਦੁਮਾਲਾ ਸਜਾਇਆ ਗਿਆ |
4 ਸਾਲ ਦਾ ਗੱਤਕਾ ਚੈਂਪੀਅਨ ਫ਼ਤਿਹ ਸਿੰਘ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ
ਅਜੀਤ ਡੈਸਕ
19-11-2025