02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬੇਅਦਬੀ ਮਾਮਲਿਆਂ 'ਚ ਇਨਸਾਫ਼ ਨਾ ਮਿਲਣ ਕਾਰਨ ਪੰਥਕ ਜਥੇਬੰਦੀਆਂ ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ

ਅਜੀਤ ਡੈਸਕ 02-09-2025
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਪੰਥਕ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵਿਲੱਖਣ ਢੰਗ ਨਾਲ ਮਨਾਉਂਦਿਆਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਜਾ ਕੇ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਾ ਦੇਣ ਵਾਲੀਆਂ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਗੁਰਦੁਆਰਾ ਸਾਹਿਬ ਪਾਤਿਸ਼ਾਹੀ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਕੁਲਵਿੰਦਰ ਸਿੰਘ ਬਠਿੰਡਾ ਨੇ ਗੁਰਬਾਣੀ ਕੀਰਤਨ ਕੀਤਾ | ਭਾਈ ਸਤਨਾਮ ਸਿੰਘ ਝੰਜੀਆਂ ਨੇ ਅਰਦਾਸ ਬੇਨਤੀ ਕੀਤੀ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਤਰਸੇਮ ਸਿੰਘ ਖ਼ਾਲਸਾ ਵਲੋਂ ਪਵਿੱਤਰ ਹੁਕਮਨਾਮਾ ਲਿਆ ਗਿਆ | ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਸੰਗਤ ਰੋਸ ਮਾਰਚ ਕਰਦਿਆਂ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਪੁੱਜੀ | ਇਸ ਮੌਕੇ ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ, ਸੁਖਰਾਜ ਸਿੰਘ ਨਿਆਮੀਵਾਲਾ ਅਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਸਮੇਂ ਦੀਆਂ ਸਰਕਾਰਾਂ ਵਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਜਿਹੜੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਕਥਿਤ ਤੌਰ 'ਤੇ ਸਰਪ੍ਰਸਤੀ ਕੀਤੀ, ਅੱਜ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿਚ ਉਹ ਪਾਰਟੀ ਹਾਸ਼ੀਏ 'ਤੇ ਅੱਪੜ ਗਈਆਂ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਸਾਢੇ 3 ਸਾਲ ਦਾ ਸਮਾਂ ਬੀਤਣ ਉਪਰੰਤ ਵੀ ਅਜੇ ਕੋਈ ਇਨਸਾਫ਼ ਦੀ ਕਿਰਨ ਦਿਖਾਈ ਨਹੀਂ ਦੇ ਰਹੀ | ਪੰਥਕ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀਆਂ ਨੂੰ ਮੁੜ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਜਥੇਦਾਰ ਇੰਦਰ ਸਿੰਘ ਨਿਆਮੀਵਾਲਾ, ਜਸਵੰਤ ਸਿੰਘ ਧੰਨਾ, ਹਰਜਿੰਦਰ ਸਿੰਘ ਹਰੀਨੌ, ਭਾਈ ਪਿੱਪਲ ਸਿੰਘ ਉਮਰੀਆਣਾ, ਬੂਟਾ ਸਿੰਘ ਚੂਹੜਚੱਕ, ਗੋਲੀਕਾਂਡ ਦੇ ਪੀੜ੍ਹਤ ਅਜੀਤ ਸਿੰਘ, ਸਤਨਾਮ ਸਿੰਘ ਚੂਹੜਚੱਕ, ਬਾਬਾ ਸੁਖਦੇਵ ਸਿੰਘ, ਅਨੰਤਦੀਪ ਸਿੰਘ ਰੋਮਾ ਬਰਾੜ, ਪ੍ਰਗਟ ਸਿੰਘ ਮੁੱਦਕੀ, ਜਤਿੰਦਰਪਾਲ ਸਿੰਘ ਖ਼ਾਲਸਾ, ਸ਼ਰਨਜੀਤ ਸਿੰਘ ਸਰਾਂ, ਪਰਮਜੀਤ ਸਿੰਘ ਮੱਕੜ, ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਇਨਸਾਫ਼ਪਸੰਦ ਵਿਅਕਤੀ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਓ. ਕੇ. ਦੇ ਗਿਲਗਿਤ-ਬਾਲਟਿਸਤਾਨ 'ਚ ਹੈਲੀਕਾਪਟਰ ਹਾਦਸਾਗ੍ਰਸਤ, 5 ਮੌਤਾਂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੀ ਪਰਿਕ੍ਰਮਾ 'ਚ ਭਰਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।