ਮਲੋਟ, 21 ਜੁਲਾਈ (ਪਾਟਿਲ)-ਡਿਪਟੀ ਕਮਿਸ਼ਨਰ ਕਮ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਨੇ ਸਖ਼ਤ ਮੁਕਾਬਲੇ ਵਾਲੀ ਰਾਸ਼ਟਰੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ) ਵਿਚ ਐੱਸ. ਸੀ. ਕੈਟਾਗਿਰੀ 'ਚੋਂ ਪੂਰੇ ਦੇਸ਼ 'ਚੋਂ 171ਵਾਂ ਰੈਂਕ ਹਾਸਿਲ ਕਰਨ ਵਾਲੇ ਵਾਰਡ ਨੰਬਰ 19 ਗੁਰੂ ਰਵਿਦਾਸ ਨਗਰ ਮਲੋਟ ਦੇ ਨੌਜਵਾਨ ਜਤਿਨ ਨੂੰ ਅੱਜ ਆਪਣੀ ਰਿਹਾਇਸ਼ 'ਤੇ ਮਿਲ ਕੇ ਉਸ ਦੀ ਹੌਸਲਾ ਅਫ਼ਜਾਈ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਜਤਿਨ ਨੂੰ ਇਕ ਲੈਪਟਾਪ ਭੇਟ ਕੀਤਾ | ਉਨ੍ਹਾਂ ਜਤਿਨ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਸ ਦੀ ਪੰਜ ਸਾਲ ਦੀ ਪੜ੍ਹਾਈ ਤੇ ਹੋਸਟਲ ਦਾ ਸਾਰਾ ਖ਼ਰਚਾ ਰੈੱਡ ਕਰਾਸ ਸੁਸਾਇਟੀ ਵਲੋਂ ਕੀਤਾ ਜਾਵੇਗਾ | ਸਕੱਤਰ ਰੈੱਡ ਕਰਾਸ ਸੁਸਾਇਟੀ ਕਮ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜਗਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰਜ਼ 'ਤੇ ਇਕ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 10 ਜ਼ਰੂਰਤਮੰਦ ਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਰੈੱਡ ਕਰਾਸ ਸੁਸਾਇਟੀ ਵਲੋਂ ਦਿੱਤਾ ਜਾਵੇਗਾ |