22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਫ਼ਰੀਦਕੋਟ-ਕੋਟਕਪੂਰਾ ਸੜਕ <br/>

ਅਜੀਤ ਡੈਸਕ 22-07-2025
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 21 ਜੁਲਾਈ-ਫ਼ਰੀਦਕੋਟ ਸ਼ਹਿਰ 'ਚੋਂ ਲੰਘਦੀ ਫ਼ਰੀਦਕੋਟ-ਕੋਟਕਪੂਰਾ ਸੜਕ ਹਮੇਸ਼ਾ ਚਰਚਾ ਵਿਚ ਰਹੀ ਹੈ | ਇਹ ਇਕਹਿਰੀ ਸੜਕ ਹੋਣ ਕਾਰਨ ਸੜਕ 'ਤੇ ਰੋਜ਼ਾਨਾ ਹੀ ਹਾਦਸੇ ਵਾਪਰਦੇ ਰਹਿੰਦੇ ਹਨ | ਹੁਣ ਤੱਕ ਇਹ ਸੜਕ ਕਈ ਕੀਮਤੀ ਜਾਨਾਂ ਲੈ ਚੁੱਕੀ ਹੈ | ਆਵਾਜਾਈ ਨਿਯਮਾਂ ਦੀ ਲਾਪ੍ਰਵਾਹੀ, ਤੇਜ਼ ਰਫ਼ਤਾਰ ਬੱਸਾਂ ਤੇ ਹੋਰ ਵਾਹਨ ਇੱਥੋਂ ਦੀ ਲੰਘ ਰਹੇ ਲੋਕਾਂ ਲਈ ਖੋਫ਼ ਬਣੇ ਹੋਏ ਹਨ | ਬੜੀ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਇਸ ਸੜਕ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਵੀ ਸਖ਼ਤੀ ਨਹੀਂ ਕਰ ਰਹੇ | ਬੇਲਗਾਮ ਹੋਈ ਆਵਾਜਾਈ ਲੋਕਾਂ ਦੀ ਜਾਨ ਲਈ ਖਤਰਾ ਬਣਦੀ ਜਾ ਰਹੀ ਹੈ | ਦਿਲਚਸਪ ਗੱਲ ਇਹ ਹੈ ਕਿ ਸੜਕ ਦੀਆਂ ਬਾਕੀ ਸੜਕਾਂ 'ਤੇ ਪ੍ਰਸ਼ਾਸਨ ਵਲੋਂ ਸਪੀਡ ਬਰੇਕਰ ਲਗਾਏ ਗਏ ਹਨ ਪਰ ਇਸ ਸੜਕ ਨੂੰ ਪਤਾ ਨਹੀਂ ਕਿਹੜੀ ਵਜ੍ਹਾ ਕਾਰਨ ਅਧਿਕਾਰੀਆਂ ਨੇ ਸਪੀਡ ਬਰੇਕਰ ਬਣਾਉਣ ਤੋਂ ਛੱਡ ਦਿੱਤਾ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਦੀਆਂ ਦੋ ਪ੍ਰਮੁੱਖ ਕਾਲੋਨੀਆਂ ਹਰਿੰਦਰਾ ਨਗਰ ਤੇ ਨਿਊ ਹਰਿੰਦਰਾ ਨਗਰ ਇਕ ਪਾਸੇ ਹਨ ਤੇ ਦੂਜੇ ਪਾਸੇ ਸਿਵਲ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀਆਂ ਰਿਹਾਇਸਾਂ ਹਨ ਤੇ ਵਿਚਕਾਰਦੀ ਇਹ ਸੜਕ ਲੰਘਦੀ ਹੈ | ਇਸ ਸੜਕ 'ਤੇ ਟ੍ਰੈਫਿਕ ਕੰਟਰੋਲ ਕਰਨ ਲਈ ਕੋਈ ਵੀ ਅਧਿਕਾਰੀ ਪਹਿਲਕਦਮੀ ਨਹੀਂ ਕਰ ਰਿਹਾ | ਪੁਲਿਸ ਲਾਈਨ, ਐਸ. ਐਸ. ਪੀ. ਹਾਊਸ, ਡਿਪਟੀ ਕਮਿਸ਼ਨਰ ਹਾਊਸ ਤੇ ਸੀਨੀਅਰ ਅਧਿਕਾਰੀਆਂ ਦੇ ਘਰਾਂ ਕੋਲ ਦੀ ਲੰਘਦੀ ਇਹ ਸੜਕ ਹਮੇਸ਼ਾ ਲੋਕਾਂ ਲਈ ਡਰ ਦਾ ਸਬਬ ਬਣੀ ਹੋਈ ਹੈ | ਇਸ ਸੜਕ 'ਤੇ ਸ਼ਹਿਰ ਦਾ 80 ਫ਼ੀਸਦੀ ਟ੍ਰੈਫਿਕ ਲੰਘਦਾ ਹੈ ਕਿਉਂਕਿ ਤਲਵੰਡੀ ਰੋਡ 'ਤੇ ਨਹਿਰਾਂ ਦੇ ਪੁਲਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ | ਸੁਸਤ ਰਫ਼ਤਾਰ 'ਚ ਚੱਲ ਰਹੇ ਕੰਮ ਕਾਰਨ ਫ਼ਰੀਦਕੋਟ ਕੋਟਕਪੂਰਾ ਰੋਡ 'ਤੇ ਆਵਾਜਾਈ ਦਾ ਜ਼ਿਆਦਾ ਬੋਝ ਪੈ ਰਿਹਾ ਹੈ | ਦੂਜਾ ਕਾਰਨ ਫ਼ਰੀਦਕੋਟ ਦਾ ਬੱਸ ਅੱਡਾ ਬਿਲਕੁਲ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਬੱਸਾਂ ਦੀ ਆਵਾਜਾਈ ਦਾ ਵੱਡਾ ਹਿੱਸਾ ਇਸੇ ਸੜਕ ਤੋਂ ਲੰਘ ਕੇ ਸ੍ਰੀ ਅੰਮਿ੍ਤਸਰ ਸਾਹਿਬ, ਮੋਗਾ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਤੋਂ ਇਲਾਵਾ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਨੂੰ ਜਾਂਦਾ ਹੈ | ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਸਮੂਹ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਘੱਟੋ ਘੱਟ ਇਥੇ ਸਪੀਡ ਬਰੇਕਰ ਜ਼ਰੂਰ ਬਣਾਏ ਜਾਣ, ਜਿਸ ਤਰ੍ਹਾਂ ਫ਼ਰੀਦਕੋਟ-ਕੋਟਕਪੂਰਾ ਰੋਡ 'ਤੇ ਨਹਿਰਾਂ ਦੇ ਪੁਲਾਂ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਹੈ | ਉਸ ਦੇ ਨਕਸੇ ਅਨੁਸਾਰ ਇਹ ਰੋਡ ਦੋਹਾਂ ਪਾਸੇ ਤੋਂ ਆਵਾਜਾਈ ਲਈ ਬਣਾਏ ਜਾਣ ਦੇ ਆਸਾਰ ਹਨ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਵਿਚ ਤੇਜ਼ੀ ਲਿਆਵੇ ਤਾਂ ਜੋ ਲੋਕਾਂ ਦੇ ਮਨਾਂ ਵਿਚੋਂ ਇਸ ਸੜਕ ਪ੍ਰਤੀ ਪਾਇਆ ਜਾ ਰਿਹਾ ਡਰ ਦੂਰ ਹੋ ਸਕੇ |

ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ 'ਹੈਪੀ ਕਲਾਸ ਰੂਮ' ਸੰਬੰਧੀ ਸੈਮੀਨਾਰ ਅਗਲੀ ਖ਼ਬਰ ਨਿਆਮੀਵਾਲਾ ਦੇ ਅਕਾਲੀ ਵਰਕਰ ਸੀਨੀਅਰ ਮੀਤ ਪ੍ਰਧਾਨ ਮਨਤਾਰ ਸਿੰਘ ਬਰਾੜ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।