ਸ੍ਰੀ ਮੁਕਤਸਰ ਸਾਹਿਬ/ਰੁਪਾਣਾ, 19 ਜੁਲਾਈ (ਰਣਜੀਤ ਸਿੰਘ ਢਿੱਲੋਂ, ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ਸਥਿਤ ਪਿੰਡ ਰੁਪਾਣਾ ਨੇੜਿਓਾ ਲੰਘਦੀ ਚੰਦਭਾਨ ਡਰੇਨ ਉੱਪਰ ਪੁਲ ਦੀ ਉਸਾਰੀ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤੇ ਠੇਕੇਦਾਰ ਵਲੋਂ ਡਰੇਨ ਦੇ ਅੰਦਰੋਂ ਦੀ ਇਕ ਆਰਜ਼ੀ ਰਸਤਾ ਬਣਾਇਆ ਹੋਇਆ ਸੀ ਤੇ ਪਿਛਲੇ ਦਿਨੀਂ ਆਈ ਬਾਰਿਸ਼ ਤੋਂ ਬਾਅਦ ਇਕਦਮ ਡਰੇਨ 'ਚ ਪਾਣੀ ਦਾ ਪੱਧਰ ਵਧਣ ਕਾਰਨ ਆਰਜ਼ੀ ਪੁਲ ਰੁੜ੍ਹ ਗਿਆ ਹੈ, ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉੱਪਰੋਂ ਗੁਜ਼ਰਨ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਕੌਮੀ ਮੀਤ ਪ੍ਰਧਾਨ ਜੈ ਰਾਜ ਸਿੰਘ ਬਰਾੜ ਫ਼ੱਤਣਵਾਲਾ ਨੇ ਮੌਕੇ 'ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਮੰਗ ਕੀਤੀ ਕਿ ਸੰਬੰਧਿਤ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਜਲਦੀ ਇਸ ਪੁਲ ਦਾ ਨਿਰਮਾਣ ਕਾਰਜ ਪੂਰਾ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ | ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਬੱਚੇ ਜ਼ਿਆਦਾਤਰ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ 'ਚ ਪੜ੍ਹਦੇ ਹਨ ਤੇ ਚੰਦਭਾਨ ਡਰੇਨ 'ਤੇ ਬਣਾਏ ਜਾ ਰਹੇ ਪੁਲ ਵਿਚ ਕੀਤੀ ਜਾ ਰਹੀ ਦੇਰੀ ਤੇ ਬਾਰਿਸ਼ ਤੋਂ ਆਰਜ਼ੀ ਪੁਲ ਦੇ ਰੁੜ੍ਹ ਜਾਣ ਕਾਰਨ ਉਨ੍ਹਾਂ ਦੀ ਸਮੱਸਿਆ ਗੰਭੀਰ ਹੋ ਗਈ ਹੈ | ਇਸ ਤੋਂ ਇਲਾਵਾ ਉਕਤਾਨ ਪਿੰਡਾਂ ਦੇ ਲੋਕ ਜ਼ਿਆਦਾਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਮਕਾਰ ਤੇ ਦਿਹਾੜੀ ਆਦਿ ਕਰਦੇ ਹਨ, ਪਰ ਇਨ੍ਹਾਂ ਪਿੰਡਾਂ ਦਾ ਸ੍ਰੀ ਮੁਕਸਤਰ ਸਾਹਿਬ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਉਨ੍ਹਾਂ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਰ੍ਹਾਂ ਪਿੰਡ ਰੁਪਾਣਾ ਵਿਖੇ ਮੌਜੂਦ ਸੇਤੀਆ ਇੰਡਸਟਰੀ ਵਿਚ ਸੈਂਕੜੇ ਵਰਕਰ ਕੰਮ ਕਰਨ ਲਈ ਇਨ੍ਹਾਂ ਪਿੰਡਾਂ ਤੋਂ ਹੀ ਆਉਂਦੇ ਹਨ ਤੇ ਸ਼ਿਫ਼ਟਾਂ ਵਿਚ ਡਿਊਟੀ ਹੋਣ ਕਾਰਨ ਰਾਤ ਦੇ ਸਮੇਂ ਵਾਲੀ ਸ਼ਿਫ਼ਟ 'ਤੇ ਪੁੱਜਣਾ ਮੁਸ਼ਕਿਲ ਹੈ | ਇਸ ਮੌਕੇ ਸਤਵੀਰ ਸਿੰਘ ਸੋਥਾ, ਗੁਰਬੀਰ ਸਿੰਘ ਔਲਖ ਸੋਥਾ, ਰਵੀ ਸੇਠ, ਕੇਵਲ ਸਿੰਘ ਪੰਚ ਸੋਥਾ, ਲਾਭ ਸਿੰਘ, ਤਰਸੇਮ ਸਿੰਘ ਸਾਬਕਾ ਸਰਪੰਚ ਦਬੜਾ, ਗੁਰਮੀਤ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਲੋਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ |