03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰੇਲਵੇ ਲਾਈਨਾਂ ਦੇ ਨਾਲ ਕੂੜਾ ਡੰਪ ਚੁੱਕਣ ਗਈ ਠੇਕੇਦਾਰ ਦੀ ਟੀਮ ਰੇਲਵੇ ਅਧਿਕਾਰੀਆਂ ਵਲੋਂ ਇਤਰਾਜ ਜਤਾਉਣ 'ਤੇ ਟੀਮ ਹੋਈ ਵਾਪਸ

ਅਜੀਤ ਡੈਸਕ 18-07-2025
ਫ਼ਰੀਦਕੋਟ, 17 ਜੁਲਾਈ (ਸਰਬਜੀਤ ਸਿੰਘ)-ਸਥਾਨਕ ਚਹਿਲ ਰੋਡ ਫ਼ਾਟਕ ਤੋਂ ਤਲਵੰਡੀ ਰੋਡ ਨੂੰ ਰੇਲਵੇ ਲਾਈਨਾਂ ਦੇ ਨਾਲ-ਨਾਲ ਜਾਂਦੀ ਸੜਕ 'ਤੇ ਲੱਗੇ ਰਹਿੰਦੇ ਕੂੜਾ ਦੇ ਡੰਪਾਂ ਤੇ ਇਸ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ 'ਅਜੀਤ' ਵਿਚ 15 ਜੁਲਾਈ ਨੂੰ 'ਰੇਲਵੇ ਲਾਈਨਾਂ ਦੇ ਨਾਲ ਲੱਗੇ ਕੂੜਾ ਡੰਪਾਂ ਅਤੇ ਟੁੱਟੀ ਸੜਕ ਤੋਂ ਲੋਕ ਪ੍ਰੇਸ਼ਾਨ' ਸਿਰਲੇਖ ਹੇਠ ਲੱਗੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ | ਪ੍ਰਸ਼ਾਸਨ ਵਲੋਂ ਅੱਜ ਸਵੇਰ ਤੋਂ ਹੀ 5-6 ਟਰੈਕਟਰ ਟਰਾਲੀਆਂ ਤੇ ਜੇ. ਸੀ. ਬੀ. ਮਸ਼ੀਨਾਂ ਨਾਲ ਕੁੜਾ ਡੰਪ ਚੁੱਕਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਜਦੋਂ ਰੇਲਵੇ ਅਧਿਕਾਰੀਆਂ ਨੇ ਵੇਖਿਆ ਕਿ ਉਨ੍ਹਾਂ ਵਲੋਂ ਕੂੜਾ ਚੁੱਕਣ ਦੀ ਜਗ੍ਹਾ ਉਥੇ ਹੀ ਖੱਡਿਆਂ 'ਚ ਅਤੇ ਆਸੇ ਪਾਸੇ ਖ਼ਿਲਾਰ ਕੇ ਸਿਰਫ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਵਲੋਂ ਸਫਾਈ ਸੇਵਕਾਂ ਨੂੰ ਰੋਕਿਆ ਗਿਆ ਅਤੇ ਕਿਹਾ ਕਿ ਜਾਂ ਤਾਂ ਉਹ ਟਰਾਲੀਆਂ ਭਰ ਕੇ ਕੂੜਾ ਇਥੋਂ ਲੈ ਜਾਣ ਨਹੀਂ ਅਤੇ ਇਹ ਕੂੜਾ ਇਥੇ ਰੇਲਵੇ ਦੀ ਜਗ੍ਹਾ 'ਤੇ ਨਾ ਖਿਲਾਰਿਆ ਜਾਵੇ, ਜਿਸ ਤੋਂ ਬਾਅਦ ਸਾਰੀ ਟੀਮ ਮੌਕੇ ਤੋਂ ਚਲੀ ਗਈ ਤੇ ਕੂੜਾ ਉਸੇ ਤਰ੍ਹਾਂ ਹੀ ਪਿਆ ਰਿਹਾ | ਸਗੋਂ ਕੂੜੇ ਨੂੰ ਖਿਲਾਰਣ ਕਾਰਨ ਉਥੇ ਬਹੁਤ ਗੰਦੀ ਬਦਬੂ ਫ਼ੈਲਣ ਲਗੀ ਤੇ ਲੰਗਣਾ ਵੀ ਮੁਸ਼ਕਿਲ ਹੋ ਗਿਆ, ਜਿਸ ਤੋਂ ਪ੍ਰੇਸ਼ਾਨ ਆਸੇ ਪਾਸੇ ਲੋਕਾਂ ਵਲੋਂ ਇਤਰਾਜ ਜਤਾਇਆ ਗਿਆ | ਮੌਕੇ 'ਤੇ ਮੌਜੂਦ ਪ੍ਰਦੀਪ ਕੁਮਾਰ ਸ਼ਰਮਾ ਤੇ ਇੰਜ. ਭੁਪਿੰਦਰ ਕੁਮਾਰ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਹ ਪ੍ਰਸ਼ਾਸਨ ਨੂੰ ਇਸ ਕੂੜਾ ਡੰਪ ਚੁਕਾਉਣ ਲਈ ਅਰਜੋਈਆਂ ਕਰ ਰਹੇ ਸਨ | ਹੁਣ 'ਅਜੀਤ' ਅਖ਼ਬਾਰ 'ਚ ਇਸ ਬਾਰੇ ਰਿਪੋਰਟ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਤਾਂ ਆਇਆ, ਪਰ ਇਸ ਕੂੜੇ ਡੰਪ ਨੂੰ ਚੁੱਕਣ ਵਿਚ ਠੇਕੇਦਾਰ ਤੇ ਉਸ ਦੇ ਕਰਮਚਾਰੀਆਂ ਵਲੋਂ ਸਹੀ ਤਰੀਕੇ ਨਾਲ ਕੂੜਾ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਰੇਲਵੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਪਹੁੰਚ ਕੇ ਰੋਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਡੰਪ ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਹੀ ਹੈ ਤੇ ਇਥੋਂ ਹਰ ਰੋਜ ਸੈਂਕੜੇ ਸਕੂਲੀ ਬੱਚੇ, ਅਧਿਆਪਕਾਵਾਂ ਅਤੇ ਹੋਰ ਲੋਗ ਲੰਘਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਗੰਦੀ ਬਦਬੂ ਤੇ ਕੂੜੇ ਨਾਲ ਹੋਣ ਵਾਲੇ ਚਿੱਕੜ ਕਾਰਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਸੇ ਪਾਸੇ ਮੁਹੱਲਿਆਂ 'ਚ ਇਸ ਕੂੜੇ ਕਾਰਨ ਕਈ ਬਿਮਾਰੀਆਂ ਫ਼ੈਲਦੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਵਲੋਂ ਇਸ ਜਗ੍ਹਾ ਤੋਂ ਕੂੜਾ ਡੰਪ ਚੁੱਕ ਕੇ, ਵਾਤਾਵਰਨ ਪ੍ਰੇਮੀਆਂ ਤੇ ਆਸੇ ਪਾਸੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਇਥੇ ਚੰਗੇ ਬੂਟੇ ਲਗਾਏ ਜਾਣ, ਹਰਿਆਲੀ ਲਿਆਂਦੀ ਜਾਵੇ ਤੇ ਚੰਗੀ ਦਿੱਖ ਦਿੱਤੀ ਜਾਵੇ ਤਾਂ ਕਿ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਨਾਂ 'ਤੇ ਚੰਗਾ ਅਸਰ ਪਵੇ ਤੇ ਉਹ ਬਿਮਾਰੀਆਂ ਤੋਂ ਦੂਰ ਰਹਿ ਸਕਣ |
ਪਿਛਲੀ ਖ਼ਬਰ ਈ. ਟੀ. ਟੀ. ਅਧਿਆਪਕਾਂ ਨੇ ਕਾਲਾ ਦਿਨ ਮਨਾਇਆ ਅਗਲੀ ਖ਼ਬਰ ਮਹਾਂਮਾਈ ਦੇ ਪਵਿੱਤਰ ਵਿਸ਼ਾਲ ਝੰਡਿਆਂ ਦੀ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।