ਬਾਜਾਖਾਨਾ, 17 ਜੁਲਾਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਸੇਵਾ ਕੇਂਦਰ ਦਾ ਬਾਰਿਸ਼ ਦੇ ਦਿਨਾਂ 'ਚ ਕਰਮਚਾਰੀਆਂ ਤੇ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਜਾਂਦਾ ਹੈ | ਦੱਸਣਯੋਗ ਹੈ ਕਿ ਇਹ ਸੇਵਾ ਕੇਂਦਰ ਮਰਹੂਮ ਹਰਜੀਤ ਬਰਾੜ ਯਾਦਗਾਰੀ ਖੇਡ ਸਟੇਡੀਅਮ ਅਤੇ ਦਾਣਾ ਮੰਡੀ ਦੇ ਵਿਚਕਾਰ ਬਣਇਆ ਹੋਇਆ ਹੈ ਅਤੇ ਉਕਤ ਜਗ੍ਹਾ ਹੱਦ ਤੋਂ ਵੱਧ ਡੂੰਘੀ ਹੋਣ ਕਰਕੇ ਥੋੜੀ ਜਿਹੀ ਬਾਰਿਸ਼ ਨਾਲ ਹੀ ਇਥੇ ਗੰਦੇ ਪਾਣੀ ਦਾ ਛੱਪੜ ਲੱਗ ਜਾਂਦਾ ਹੈ, ਜਿਸ ਨਾਲ ਕਰਮਚਾਰੀ ਤਾਂ ਔਖੇ ਹੁੰਦੇ ਹਨ ਪਰ ਰੋਜਮਰਾਂ ਦਾ ਕੰਮ ਕਰਵਾਉਣ ਵਾਲੇ ਲੋਕ, ਬਜ਼ੁਰਗ, ਆਦਮੀ ਔਰਤਾਂ, ਬੱਚੇ-ਬੱਚੀਆਂ ਨੂੰ ਹੋਰ ਵੀ ਮੁਸ਼ਕਿਲਾਂ ਦੇ ਸਾਹਮਣੇ ਦਾ ਨਾਲ-ਨਾਲ ਭਿਆਨਕ ਬਿਮਾਰੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ | ਦੂਜਾ ਉਕਤ ਸੇਵਾ ਕੇਂਦਰ ਬਾਜਾਖਾਨਾਂ ਦੇ ਮੁੱਖ ਬੱਸ ਅੱਡੇ ਤੋਂ ਕਰੀਬ ਇਕ ਡੇਢ ਕਿਲੋਮੀਟਰ ਦੂਰੀ 'ਤੇ ਬਣਾਇਆ ਗਿਆ ਹੈ | ਜਿਥੇ ਖਾਸ ਕਰਕੇ ਬਜ਼ੁਰਗ ਔਰਤਾਂ, ਮਰਦਾਂ ਤੇ ਬੱਚਿਆਂ ਖਾਸ ਕਰਕੇ ਵਿਦਿਆਰਥਣਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਲਈ ਜਿੱਥੇ ਆਟੋ ਜਾਂ ਰਿਕਸ਼ੇ ਦਾ ਪ੍ਰਬੰਧ ਕਰਕੇ ਜਾਂ ਪੈਦਲ ਜਾਣਾ ਪੈਂਦਾ ਹੈ | ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸੇਵਾ ਕੇਂਦਰ ਨੂੰ ਬਾਜਾਖਾਨਾ ਦੇ ਮੁੱਖ ਚੌਕ ਜਾਂ ਫ਼ਲਾਈ ਓਵਰ ਦੇ ਨੇੜੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਦੇ ਨਾਲ ਪਈ ਜਗ੍ਹਾ 'ਚ ਬਣਾਇਆ ਜਾਵੇ ਤਾਂ ਜੋ ਖਾਸ ਕਰਕੇ ਬਜ਼ੁਰਗ ਬੀਬੀਆਂ ਅਤੇ ਵਿਦਿਆਰਥਣਾਂ ਨੂੰ ਆਉਂਦੀ ਸਮੱਸਿਆਂ ਤੋਂ ਨਿਜ਼ਾਤ ਮਿਲ ਸਕੇ |