ਸਾਦਿਕ, 17 ਜੁਲਾਈ (ਆਰ. ਐਸ. ਧੁੰਨਾ)-ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਵਾਇਆ ਸਾਦਿਕ ਜਾਣ ਵਾਲੀ ਸੜਕ ਦੇ ਨਵ ਨਿਰਮਾਣ ਦਾ ਕੰਮ ਜਿਥੇ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ ਉਥੇ ਇਸ ਸੜਕ ਤੋਂ ਲੰਘਣ ਵਾਲੇ ਸੇਮ ਨਾਲਿਆਂ ਦੇ ਪੁੱਲਾਂ ਦੀ ਨਵ ਉਸਾਰੀ ਦਾ ਚੱਲ ਰਿਹਾ ਕੰਮ ਵੀ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ | ਇਨ੍ਹਾਂ ਸੇਮ ਨਾਲਿਆਂ ਦੇ ਪੁਲਾਂ ਦੇ ਨਾਲ ਆਰਜ਼ੀ ਪੁਲ ਵੀ ਬਣਾਏ ਗਏ ਹਨ ਤਾਂ ਜੋ ਆਵਾਜਾਈ ਚੱਲਦੀ ਰਹੇ ਤੇ ਪਾਣੀ ਦਾ ਨਿਕਾਸ ਵੀ ਹੁੰਦਾ ਰਹੇ ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸੇਮ ਨਾਲਿਆਂ 'ਚ ਆ ਰਹੇ ਤੇਜ਼ ਰਫ਼ਤਾਰ ਪਾਣੀ ਕਾਰਨ ਸਾਦਿਕ-ਸ੍ਰੀ ਮੁਕਤਸਰ ਵਾਲੀ ਸੜਕ 'ਤੇ ਪੈਂਦੇ ਪਿੰਡ ਮਾਨ ਸਿੰਘ ਵਾਲਾ, ਸੀਰਵਾਲੀ ਤੇ ਬੂੜਾ ਗੁੱਜਰ ਕੋਲ ਦੀ ਲੰਘਦੇ ਸੇਮ ਨਾਲਿਆਂ ਦੇ ਬਣਾਏ ਆਰਜ਼ੀ ਪੁਲ ਬਹਿ ਜਾਣ ਕਾਰਨ ਆਵਾਜਾਈ ਲਈ ਇਹ ਸੜਕ ਬੰਦ ਹੋ ਗਈ ਹੈ | ਹੁਣ ਲੋਕਾਂ ਨੂੰ ਫ਼ਿਰੋਜ਼ਪੁਰ ਜਾਂ ਸ੍ਰੀ ਮੁਕਤਸਰ ਸਾਹਿਬ ਜਾਣ ਲਈ ਸਿੱਧੀ ਸੜਕ ਦੀ ਬਜਾਏ ਪਿੰਡਾਂ ਵਿਚਲੀਆਂ ਸੰਪਰਕ ਸੜਕਾਂ ਤੋਂ ਲੰਘਣਾ ਪੈਂਦਾ ਹੈ ਜੋ ਕਿਸੇ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਇਨ੍ਹਾਂ ਸੜਕਾਂ ਦੀ ਚੌੜਾਈ ਘੱਟ ਹੋਣ ਕਾਰਨ ਇੱਥੋਂ ਇਕੋ ਸਮੇਂ ਵੱਡੇ ਦੋ ਵਹੀਕਲਾਂ ਦਾ ਲੰਘਣਾ ਮੁਸ਼ਕਿਲ ਹੈ | ਇਸੇ ਤਰ੍ਹਾਂ ਪਿੰਡ ਪਿੰਡੀ ਬਲੋਚਾਂ ਕੋਲੋਂ ਲੰਘਦੇ ਸੇਮ ਨਾਲੇ ਦੇ ਪੁਲ ਦੀ ਨਵ-ਉਸਾਰੀ ਦਾ ਕੰਮ ਚੱਲਦਾ ਹੋਣ ਕਰਕੇ ਨਾਲ ਬਣਾਇਆ ਆਰਜ਼ੀ ਪੁਲ ਦੇ ਟੁੱਟ ਜਾਣ ਕਾਰਨ ਇਹ ਰਸਤਾ ਵੀ ਬੰਦ ਹੋ ਗਿਆ ਹੈ, ਜਿਸ ਕਰ ਕੇ ਲੋਕਾਂ ਨੂੰ ਦੂਸਰੇ ਪਿੰਡਾਂ ਵਿਚ ਦੀ ਹੋ ਕੇ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਦਿਕ ਜਾਂ ਫ਼ਰੀਦਕੋਟ ਜਾਣਾ ਪੈਂਦਾ ਹੈ ਜਿਥੇ ਉਨ੍ਹਾਂ ਦਾ ਸਮਾਂ ਖ਼ਰਾਬ ਹੁੰਦਾ ਹੈ ਉਥੇ ਆਰਥਿਕ ਨੁਕਸਾਨ ਵੀ ਹੁੰਦਾ ਹੈ | ਬਰਸਾਤੀ ਮੌਸਮ ਹੋਣ ਕਰਕੇ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਨ੍ਹਾਂ ਆਰਜ਼ੀ ਪੁਲਾਂ ਦੇ ਬਣ ਕੇ ਚੱਲਣ ਵਿਚ ਸਮਾਂ ਲੱਗ ਸਕਦਾ ਹੈ | ਲੋਕਾਂ ਦੀ ਸਰਕਾਰ ਪਾਸੋਂ ਮੰਗ ਹੈ ਕਿ ਸੇਮ ਨਾਲਿਆਂ ਦੇ ਪੁਲਾਂ ਦਾ ਕੰਮ ਜਲਦੀ ਨੇਪਰੇ ਚਾੜ੍ਹ ਕੇ ਇਨ੍ਹਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਕਿਸੇ ਖੱਜਲ ਖੁਆਰੀ ਤੋਂ ਬੱਚ ਸਕਣ |