ਗਿੱਦੜਬਾਹਾ, 15 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਥੇੜ੍ਹੀ ਵਿਖੇ ਮਰੇ ਹੋਏ ਪਸ਼ੂਆਂ ਨੂੰ ਸੁੱਟਣ ਲਈ ਪਿੰਡ ਦੀ ਹਦੂਦ ਅੰਦਰ ਕੋਈ ਵੀ ਹੱਡਾ ਰੋੜੀ ਨਹੀਂ ਹੈ ਤੇ ਇਹ ਸਮੱਸਿਆ ਕੋਈ ਮੌਜੂਦਾ ਸਮੇਂ ਦੀ ਨਹੀਂ, ਸਗੋਂ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਹੈ | ਸੰਨ 1960 ਦੇ ਪੰਜਾਬ ਵਿਚ ਹੋਈ ਜ਼ਮੀਨਾਂ ਦੀ ਮੁਰੱਬੇਬੰਦੀ ਵੇਲੇ ਪਿੰਡ ਥੇੜ੍ਹੀ ਦੀਆਂ ਤਿੰਨ ਪੱਤੀਆਂ ਵਲੋਂ 60 ਏਕੜ ਤੋਂ ਵੀ ਜ਼ਿਆਦਾ ਜ਼ਮੀਨ ਪੰਚਾਇਤ ਨੂੰ ਕਟਵਾਈ ਗਈ ਤੇ 40 ਏਕੜ ਹੋਰ ਜ਼ਮੀਨ ਵੀ ਪੰਚਾਇਤ ਦੇ ਖ਼ਾਤੇ ਵਿਚ ਹੀ ਇਤਿਹਾਸਕ ਗੁਰਦੁਆਰਾ ਦਸਵੀਂ ਪਾਤਸ਼ਾਹੀ ਥੇੜ੍ਹੀ ਸਾਹਿਬ ਨੂੰ ਵੀ ਦਿੱਤੀ ਗਈ | ਪਿੰਡ ਦੇ ਸ਼ਮਸ਼ਾਨਘਾਟ ਨੂੰ ਹੋਰ ਸਾਝੀਆਂ ਥਾਂਵਾਂ ਤੇ ਹੱਡਾ ਰੋੜੀ ਨੂੰ ਵੀ ਸਾਂਝੇ ਪੰਚਾਇਤੀ ਖ਼ਾਤੇ ਵਿਚੋਂ ਜ਼ਮੀਨ ਕਟਾਈ ਗਈ, ਪਰ ਉਸ ਵਕਤ ਮਾਲ ਵਿਭਾਗ ਦੀ ਗ਼ਲਤੀ ਨਾਲ ਪਿੰਡ ਦੀ ਹੱਡਾ ਰੋੜੀ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨਾਲ ਲਗਦੀ ਜਗ੍ਹਾ ਵਿਚ ਹੀ ਕੱਟ ਦਿੱਤਾ ਗਿਆ | ਉਸ ਸਮੇਂ ਦੀ ਪੰਚਾਇਤ ਵਲੋਂ ਹੱਡਾ ਰੋੜੀ ਦੀ ਇਹ ਥਾਂ ਬਦਲਣ ਲਈ ਚਾਰਾਜੋਈ ਵੀ ਕੀਤੀ ਗਈ, ਪਰ ਉਸ ਵਕਤ ਮਾਲ ਵਿਭਾਗ ਦੇ ਦਫ਼ਤਰ ਫ਼ਿਰੋਜ਼ਪੁਰ ਤੇ ਜਲੰਧਰ ਹੋਣ ਕਰਕੇ ਤੇ ਮੌਜੂਦਾ ਸਮੇਂ ਵਾਂਗ ਆਉਣ-ਜਾਣ ਦੀਆਂ ਸਹੂਲਤਾਂ ਘੱਟ ਹੋਣ ਕਰਕੇ ਇਹ ਮਸਲਾ ਉਵੇਂ ਹੀ ਬਣਿਆ ਰਿਹਾ ਅਤੇ ਹੱਡਾ ਰੋੜੀ ਦੀ ਥਾਂ ਪਹਿਲਾਂ ਵਾਲੀ ਜਗ੍ਹਾ ਉੱਪਰ ਹੀ ਰਹੀ | ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨਾਲ ਲਗਦੀ ਹੋਣ ਕਰਕੇ ਇਹ ਹੱਡਾ ਰੋੜੀ ਨਾ ਤਾਂ ਮੁਰੱਬਾਬੰਦੀ ਮਗਰੋਂ ਚਾਲੂ ਕੀਤੀ ਗਈ ਤੇ ਨਾ ਹੀ ਉਸ ਤੋਂ ਮਗਰੋਂ ਇਸ ਜਗ੍ਹਾ ਉੱਪਰ ਪਿੰਡ ਵਾਸੀ ਹੱਡਾ ਰੋੜੀ ਚਾਲੂ ਕਰ ਸਕਦੇ ਸਨ, ਪਰ 1960-70 ਦੇ ਦਹਾਕਿਆਂ ਤੋਂ ਲੈ ਕੇ ਸੰਨ 2000 ਦੇ ਲਗਪਗ ਤੱਕ ਪਿੰਡ ਥੇੜ੍ਹੀ ਦਾ ਸਾਰਾ ਵਾਹੀਯੋਗ ਰਕਬਾ ਨਾ ਹੋ ਕੇ ਬਹੁਤ ਸਾਰਾ ਰਕਬਾ ਬੇਆਬਾਦ ਪਿਆ ਸੀ, ਜਿਸ ਕਰਕੇ ਪਿੰਡ ਵਾਸੀਆਂ ਦੇ ਘਰਾਂ ਵਿਚ ਜੋ ਪਸ਼ੂ ਮਰ ਜਾਂਦੇ ਸਨ, ਉਨ੍ਹਾਂ ਨੂੰ ਅਜਿਹੀਆਂ ਬੇਆਬਾਦ ਥਾਵਾਂ 'ਤੇ ਸੁੱਟ ਦਿੱਤਾ ਜਾਂਦਾ ਸੀ, ਜਿਨ੍ਹਾਂ ਦੀ ਖੱਲ੍ਹ (ਚਮੜੀ ਨੂੰ ਵਗਾਰੀ ਜਾਤੀ) ਉਤਾਰ ਲੈਂਦੀ ਸੀ, ਮਾਸ ਨੂੰ ਕੁੱਤੇ, ਗਿਰਝਾਂ ਤੇ ਕਾਂ ਖਾ ਜਾਂਦੇ ਸਨ ਤੇ ਹੱਡਾਂ ਨੂੰ ਵੀ ਵਗਾਰੀ ਲੋਕਾਂ ਵਲੋਂ ਅੱਗੇ ਵੇਚ ਦਿੱਤਾ ਜਾਂਦਾ ਸੀ, ਪਰ ਇਸ ਵਕਤ ਗਿਰਜਾਂ ਦੀ ਜਾਤੀ ਅਲੋਪ ਹੋ ਚੁੱਕੀ ਹੈ ਤੇ ਪਿੰਡ ਦੇ ਤਕਰੀਬਨ ਸਾਰੇ ਰਕਬੇ ਦੇ ਆਬਾਦ ਹੋ ਜਾਣ ਕਰਕੇ ਪਿੰਡ ਵਾਸੀਆਂ ਦੇ ਘਰਾਂ ਵਿਚ ਮਰੇ ਪਸ਼ੂਆਂ ਨੂੰ ਸੁੱਟਣ ਲਈ ਹੱਡਾ ਰੋੜੀ ਨਾ ਹੋਣ ਕਰਕੇ ਘਰੋਂ ਬਾਹਰ ਲਿਜਾ ਕੇ ਸੁੱਟਣ ਲਈ ਕੋਈ ਥਾਂ ਨਹੀਂ ਬਚੀ ਤੇ ਪਿੰਡ ਵਾਸੀਆਂ ਨੂੰ ਮਰੇ ਪਸ਼ੂਆਂ ਨੂੰ ਰਾਤ ਬਰਾਤੇ ਜਾਂ ਚੋਰੀ ਛੁਪੇ ਹੀ ਕਿਸੇ ਨਾ ਕਿਸੇ ਥਾਂ ਸੁੱਟਣਾ ਪੈਂਦਾ ਹੈ ਤੇ ਕਈ ਵਾਰ ਨਾਲ ਦੇ ਖੇਤ ਵਾਲੇ ਦੇ ਅਜਿਹਾ ਕਰਨ ਤੋਂ ਰੋਕਣ 'ਤੇ ਲੜਾਈ ਝਗੜੇ ਵੀ ਹੋ ਜਾਂਦੇ ਹਨ | ਪਹਿਲਾਂ ਘਰਾਂ ਤੋਂ ਬਿਨਾਂ ਆਵਾਰਾ ਫ਼ਿਰ ਰਹੇ ਪਸ਼ੂ ਬਹੁਤ ਘੱਟ ਮਰਦੇ ਸਨ, ਕਿਉਂਕਿ ਚਾਰ ਦਹਾਕੇ ਪਹਿਲਾਂ ਆਵਾਰਾ ਪਸ਼ੂ ਨਾਮਾਤਰ ਹੀ ਹੁੰਦੇ ਸਨ ਤੇ ਟ੍ਰੈਫ਼ਿਕ ਸਮੱਸਿਆ ਵੀ ਬਹੁਤ ਘੱਟ ਹੁੰਦੀ ਸੀ, ਪਰ ਅੱਜ-ਕੱਲ੍ਹ ਆਵਾਰਾ ਗਾਵਾਂ, ਵੱਛੇ, ਢੱਠੇ ਆਦਿ ਸੜਕਾਂ 'ਤੇ ਹਾਦਸਿਆਂ ਦੌਰਾਨ ਮਰਦੇ ਹੀ ਰਹਿੰਦੇ ਹਨ, ਜੋ ਸੜਕਾਂ ਉੱਪਰ ਹੀ ਮਰੇ ਪਏ ਰਹਿੰਦੇ ਹਨ | ਉਨ੍ਹਾਂ ਨੂੰ ਕੁੱਤੇ ਖਾਣ ਲੱਗ ਜਾਂਦੇ ਹਨ, ਕਿਉਂਕਿ ਰਾਸ਼ਟਰੀ ਰਾਜ ਮਾਰਗ ਅਥਾਰਟੀ ਵੀ ਉਨ੍ਹਾਂ ਨੂੰ ਪਾਸੇ ਸੁੱਟਣ ਦੀ ਜ਼ਿੰਮੇਵਾਰੀ ਬਹੁਤ ਘੱਟ ਨਿਭਾਉਂਦੀ ਹੈ | ਪਿੰਡ ਵਾਸੀਆਂ ਲਈ ਘਰ ਵਿਚ ਮਰੇ ਹੋਏ ਪਸ਼ੂ ਨੂੰ ਸੁੱਟਣਾ ਵੱਡੀ ਚੁਣੌਤੀ ਤੇ ਸਖ਼ਤ ਔਕੜ ਬਣਨ ਕਰਕੇ ਲੋਕ ਆਪਣੇ ਖੇਤਾਂ ਵਿਚ ਡੂੰਘੇ ਟੋਏ ਪੁੱਟ ਕੇ ਉਨ੍ਹਾਂ ਨੂੰ ਜ਼ਮੀਨਾਂ ਅੰਦਰ ਦੱਬਣ ਲਈ ਮਜ਼ਬੂਰ ਹਨ | ਜਦੋਂਕਿ ਪਿੰਡ ਵਿਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ ਉੱਪਰ ਸੜਕ 'ਤੇ ਮਰੇ ਪਸ਼ੂ ਕਈ ਦਿਨ ਸੜਕ ਦੇ ਨਾਲ ਹੀ ਪਏ ਰਹਿੰਦੇ ਹਨ ਅਤੇ ਦਾ ਗੰਦੇ ਮੁਸ਼ਕ ਕਰਕੇ ਪਿੰਡ ਵਾਸੀਆਂ ਤੇ ਸੜਕ ਉੱਪਰੋਂ ਲੰਘਣ ਵਾਲੇ ਲੋਕਾਂ ਤੇ ਵਹੀਕਲਾਂ ਦਾ ਲੰਘਣਾ ਦੁੱਭਰ ਹੋ ਜਾਂਦਾ ਹੈ | ਪਿੰਡ ਥੇੜ੍ਹੀ ਦੇ ਵਾਸੀਆਂ ਦੀ ਉੱਪ ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਨੂੰ ਅਪੀਲ ਹੈ ਕਿ ਇਸ ਗੰਭੀਰ ਮਸਲੇ ਨੂੰ ਜ਼ਰੂਰ ਤੇ ਜਲਦੀ ਹੱਲ ਕਰਵਾਇਆ ਜਾਵੇ | ਮਾਲ ਵਿਭਾਗ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਬੀ.ਡੀ.ਪੀ.ਓ., ਜੰਗਲਾਤ ਵਿਭਾਗ, ਪ੍ਰਦੂਸ਼ਣ ਵਿਭਾਗ ਨੂੰ ਨਾਲ ਲੈ ਕੇ ਗ਼ਲਤ ਜਗ੍ਹਾ 'ਤੇ ਕੱਟੀ ਗਈ ਹੱਡਾਰੋੜੀ ਨੂੰ ਪਿੰਡੋਂ ਦੂਰ ਸਾਂਝੀ ਥਾਂ ਜਾਂ ਹੋਰ ਕਿਸੇ ਥਾਂ ਉੱਪਰ ਜ਼ਰੂਰ ਭੇਜਿਆ ਜਾਵੇ |