ਸਾਦਿਕ, 15 ਜੁਲਾਈ (ਆਰ.ਐਸ.ਧੁੰਨਾ)-ਸਾਦਿਕ ਤੋਂ ਗਰੂਹਰਸਹਾਏ ਵਾਇਆ ਜੰਡ ਸਾਹਿਬ ਜਾਣ ਵਾਲੀ ਸੜਕ 'ਤੇ ਪੈਂਦੇ ਪਿੰਡ ਪਿੰਡੀ ਬਲੋਚਾਂ 'ਚੋਂ ਲੰਘਦੇ ਸੇਮ ਨਾਲੇ ਦੇ ਪੁੱਲ ਦੀ ਨਵ ਉਸਾਰੀ ਦਾ ਕੰਮ ਚੱਲਦਾ ਹੋਣ ਕਰਕੇ ਇਸ ਦੇ ਇਕ ਪਾਸੇ ਆਵਾਜਾਈ ਲਈ ਆਰਜੀ ਪੁੱਲ ਬਣਾਇਆ ਗਿਆ ਸੀ ਜੋ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਜਾਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ | ਜਸਵਿੰਦਰ ਸਿੰਘ ਸੰਧੂ ਪ੍ਰਧਾਨ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਇਕਾਈ ਸਾਦਿਕ ਨੇ ਦੱਸਿਆ ਕਿ ਇਸ ਸੜਕ ਤੋਂ ਹਰ ਸਮੇਂ ਫ਼ਾਜ਼ਿਲਕਾ ਤੱਕ ਦੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਇਸ ਸੜਕ ਇਤਿਹਾਸਕ ਅਸਥਾਨ ਗੁਰਦੁਅਰਾ ਜੰਡ ਸਾਹਿਬ ਸ਼ੁਸ਼ੋਭਿਤ ਹੈ ਤੋਂ ਇਲਾਵਾ ਇਸ ਸੜਕ 'ਤੇ ਪੰਜ ਸਕੂਲ ਪੈਂਦੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਪਿੰਡੀ ਬਲੋਚਾਂ ਦੇ ਸੇਮ ਨਾਲੇ ਦਾ ਆਰਜ਼ੀ ਪੁੱਲ ਟੁੱਟ ਜਾਣ ਕਾਰਨ ਪਿੰਡ ਪਿੰਡੀ ਬਲੋਚਾਂ, ਕਾਨਿਆ ਵਾਲੀ ਖੁਰਦ ਦੇ ਵਸਨੀਕਾਂ ਸਮੇਤ ਇਸ ਸੜਕ ਤੋਂ ਲੰਘਣ ਵਾਲੀਆਂ ਵੱਖ ਵੱਖ ਸਕੂਲਾਂ ਦੀਆਂ ਵੈਨਾਂ ਤੇ ਬੱਚੇ ਵੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਦੂਰ ਦੁਰਾਡੇ ਦੇ ਪਿੰਡਾਂ ਵਿਚਦੀ ਹੋ ਕੇ ਮੁੜ ਸਾਦਿਕ ਵਾਲੀ ਸੜਕ 'ਤੇ ਆਉਣਾ ਪੈਂਦਾ ਹੈ ਜਿਸ ਨਾਲ ਜਿੱਥੇ ਉਨ੍ਹਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਉਨ੍ਹਾਂ ਦਾ ਸਮਾਂ ਵੀ ਖਰਾਬ ਹੁੰਦਾ ਹੈ | ਇਸ ਮੌਕੇ ਪਿੰਡ ਦੇ ਨੰਬਰਦਾਰ ਇੰਦਰਜੀਤ ਸਿੰਘ ਬੱਬੀ ਨੇ ਕਿਹਾ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇੱਥੋਂ ਪੈਦਲ ਲੰਘਣਾ ਵੀ ਔਖਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਲਾਗਲੇ ਪਿੰਡ ਵੀਰੇ ਵਾਲਾ ਕਲਾਂ ਵਿਚਦੀ ਲੰਘਦਾ ਆਰਜੀ ਰਸਤਾ ਵੀ ਬੰਦ ਹੋਣ ਕਿਨਾਰੇ ਹੈ ਤੇ ਇਸ ਸੇਮਨਾਲੇ 'ਤੇ ਵਸੇ ਪਿੰਡ ਪਿੰਡੀ ਬਲੋਚਾਂ ਦੇ ਲੋਕਾਂ ਨੂੰ ਨੇੜਲੇ ਪਿੰਡ ਅਹਿਲ ਵਿਚ ਦੀ ਜਾਣਾ ਪੈਂਦਾ ਹੈ ਅਤੇ ਇਸ ਰਸਤੇ ਦੇ ਬੰਦ ਹੋਣ ਸਬੰਧੀ ਕਿਤੇ ਵੀ ਕੋਈ ਜਾਣਕਾਰੀ ਬੋੋਰਡ ਨਹੀਂ ਲਾਇਆ ਗਿਆ ਜਿਸ ਕਰਕੇ ਇੱਥੋਂ ਲੰਘਣ ਵਾਲੇ ਨਵੇਂ ਲੋਕਾਂ ਨੂੰ ਅੱਗੇ ਜਾ ਕੇ ਸੇਮਨਾਲੇ ਨੂੰ ਹੱਥ ਲਾ ਕੇ ਮੁੜਨਾ ਪੈਂਦਾ ਹੈ | ਇਸੇ ਤਰ੍ਹਾਂ ਸਾਦਿਕ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਬਣੇ ਸੇਮ ਨਾਲਿਆਂ ਦੇ ਪੁੱਲਾਂ ਦੀ ਵੀ ਨਵ ਉਸਾਰੀ ਦਾ ਵੀ ਕੰਮ ਚੱਲ ਰਿਹਾ ਹੈ ਤੇ ਇਸ ਸੜਕ 'ਤੇ ਪੈਂਦੇ ਪਿੰਡਾਂ ਸੀਰਵਾਲੀ ਅਤੇ ਬੂੜਾਗੁੱਜਰ ਕੋਲੋਂ ਲੰਘਦੇ ਸੇਮ ਨਾਲਿਆਂ ਦੇ ਆਰਜੀ ਪੁੱਲ ਟੂੱਟ ਜਾਣ ਕਾਰਨ ਇਹ ਰਸਤਾ ਵੀ ਕਈ ਦਿਨਾਂ ਤੋਂ ਬੰਦ ਪਿਆ ਹੈ ਤੇ ਸੜਕੀ ਆਵਾਜਾਈ ਦੂਸਰੇ ਪਿੰਡਾਂ ਵਿਚ ਦੀ ਹੋ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਹੈ | ਲੋਕਾਂ ਦੀ ਸਰਕਾਰ ਪਾਸੋਂ ਮੰਗ ਹੈ ਕਿ ਸੇਮ ਨਾਲਿਆਂ ਦੇ ਪੁੱਲਾਂ ਦੀ ਉਸਾਰੀ ਦਾ ਕੰਮ ਤੇਜ਼ ਕੀਤਾ ਜਾਵੇ ਤਾਂ ਜੋ ਸੜਕੀ ਆਵਾਜਾਈ ਵਿਚ ਸੁਧਾਰ ਹੋ ਸਕੇ |