09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਈਬਰ ਠੱਗੀ ਤੋਂ ਲੋਕ ਸਾਵਧਾਨ ਰਹਿਣ-ਐੱਸ.ਐੱਸ.ਪੀ.

ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ | ਅਜੀਤ ਤਸਵੀਰ <br/> 27-12-2025
ਸ੍ਰੀ ਮੁਕਤਸਰ ਸਾਹਿਬ, 26 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਦੀ ਆਮਦ 'ਚ ਹੁਣ ਸਿਰਫ਼ ਚਾਰ ਦਿਨ ਬਾਕੀ ਹਨ ਤੇ ਇਸ ਸਮੇਂ ਦੌਰਾਨ ਸਾਈਬਰ ਠੱਗਾਂ ਵਲੋਂ ਸੋਸ਼ਲ ਮੀਡੀਆ ਤੇ ਮੋਬਾਈਲ ਪਲੇਟਫ਼ਾਰਮਾਂ ਰਾਹੀਂ ਫ਼ਰਜ਼ੀ ਲਿੰਕ, ਵੀਡੀਓਜ਼, ਇਨਾਮੀ ਆਫ਼ਰਾਂ ਤੇ ਝੂਠੀਆਂ ਸਕੀਮਾਂ ਦੇ ਜ਼ਰੀਏ ਲੋਕਾਂ ਨੂੰ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਨਵੇਂ ਸਾਲ ਦੇ ਨਾਂਅ 'ਤੇ ਲੱਕੀ ਡਰਾਅ, ਕੈਸ਼ ਇਨਾਮ, ਮੋਬਾਈਲ ਗਿਫ਼ਟ, ਬੈਂਕ ਰਿਵਾਰਡ, ਕੇ.ਵਾਈ.ਸੀ. ਅਪਡੇਟ ਜਾਂ ਆਫ਼ਰ ਖ਼ਤਮ ਹੋਣ ਤੋਂ ਪਹਿਲਾਂ ਲਿੰਕ ਖੋਲ੍ਹੋ ਵਰਗੇ ਸੁਨੇਹੇ ਭੇਜੇ ਜਾ ਰਹੇ ਹਨ, ਜਿਨ੍ਹਾਂ ਦੇ ਲਾਲਚ 'ਚ ਆ ਕੇ ਕਈ ਨਾਗਰਿਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਭੇਜੇ ਜਾ ਰਹੇ ਫ਼ਰਜ਼ੀ ਲਿੰਕ ਜਾਂ ਵੀਡੀਓ ਜਦੋਂ ਕਿਸੇ ਵਿਅਕਤੀ ਵਲੋਂ ਖੋਲ੍ਹੇ ਜਾਂਦੇ ਹਨ ਤਾਂ ਉਸ ਨਾਲ ਸੰਬੰਧਿਤ ਮੋਬਾਈਲ ਫ਼ੋਨ, ਲੈਪਟਾਪ ਜਾਂ ਕੰਪਿਊਟਰ ਸਾਈਬਰ ਹੈਕਿੰਗ ਦਾ ਸ਼ਿਕਾਰ ਹੋ ਸਕਦਾ ਹੈ | ਇਸ ਨਾਲ ਡਿਵਾਈਸ 'ਚ ਮੌਜੂਦ ਨਿੱਜੀ ਡਾਟਾ ਜਿਵੇਂ ਫ਼ੋਟੋਆਂ, ਡਾਕੂਮੈਂਟ, ਕੰਟੈਕਟ ਤੇ ਐਪਲੀਕੇਸ਼ਨ ਚੋਰੀ ਹੋ ਸਕਦੀਆਂ ਹਨ | ਬੈਂਕ ਖ਼ਾਤਿਆਂ, ਯੂ.ਪੀ.ਆਈ., ਆਨਲਾਈਨ ਵਾਲਟ ਜਾਂ ਡਿਜੀਟਲ ਭੁਗਤਾਨ ਐਪਸ ਤੋਂ ਰਕਮ ਗ਼ੈਰਕਾਨੂੰਨੀ ਤਰੀਕੇ ਨਾਲ ਕੱਢੀ ਜਾ ਸਕਦੀ ਹੈ | ਡਿਵਾਈਸ ਨੂੰ ਰਿਮੋਟ ਕੰਟਰੋਲ ਰਾਹੀਂ ਕਬਜ਼ੇ 'ਚ ਲੈ ਕੇ ਅਣਚਾਹੇ ਜਾਂ ਖ਼ਤਰਨਾਕ ਐਪ ਇੰਸਟਾਲ ਕੀਤੇ ਜਾ ਸਕਦੇ ਹਨ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਸੁਚੇਤ ਕੀਤਾ ਕਿ ਨਵੇਂ ਸਾਲ ਦੇ ਨੇੜੇ ਆਉਂਦੇ ਹੀ ਸਾਈਬਰ ਠੱਗ ਲੋਕਾਂ ਨੂੰ ਵੱਡੇ ਇਨਾਮਾਂ, ਸਸਤੇ ਆਫ਼ਰਾਂ ਤੇ ਤੁਰੰਤ ਫ਼ਾਇਦੇ ਦੇ ਵਾਅਦਿਆਂ ਨਾਲ ਭਰਮਾਉਂਦੇ ਹਨ | ਅਜਿਹੀਆਂ ਝੂਠੀਆਂ ਪੇਸ਼ਕਸ਼ਾਂ ਦਾ ਇਕੋ-ਇਕ ਮਕਸਦ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਿਲ ਕਰਨਾ ਜਾਂ ਉਨ੍ਹਾਂ ਨਾਲ ਆਨਲਾਈਨ ਠੱਗੀ ਕਰਨਾ ਹੁੰਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਜਾਣੇ ਨੰਬਰ, ਗੈਰ-ਅਧਿਕਾਰਕ ਪੇਜ ਜਾਂ ਸ਼ੱਕੀ ਮੈਸੇਜ 'ਤੇ ਭਰੋਸਾ ਨਾ ਕੀਤਾ ਜਾਵੇ | ਸਾਈਬਰ ਠੱਗੀ ਜਾਂ ਸ਼ੱਕੀ ਗਤੀਵਿਧੀ ਦੀ ਸਥਿਤੀ 'ਚ ਤੁਰੰਤ 1930 ਸਾਈਬਰ ਹੈਲਪਲਾਈਨ 'ਤੇ ਸੰਪਰਕ ਕੀਤਾ ਜਾਵੇ ਜਾਂ ਨਜ਼ਦੀਕੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਨਾ ਕੀਤੀ ਜਾਵੇ- ਸਪੀਕਰ ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।