12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਟੈਮਫੀਲਡਜ਼ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 26-12-2025
ਪਟਿਆਲਾ, 25 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਦਾ ਸਟੈਮਫੀਲਡਜ਼ ਇੰਟਰਨੈਸ਼ਨਲ ਸਕੂਲ ਵਿਖੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਏ ਗਏ | ਇਹ ਸਮਾਗਮ ਸਿੱਖ ਇਤਿਹਾਸ ਦੀਆਂ ਉਨ੍ਹਾਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਲਈ ਕਰਵਾਇਆ ਗਿਆ, ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਨਿੱਕੀਆਂ ਉਮਰਾਂ ਵਿਚ ਵੀ ਜ਼ੁਲਮ ਦਾ ਮੁਕਾਬਲਾ ਕੀਤਾ | ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਧਾਰਮਿਕ ਗੀਤ ਵੀ ਪੇਸ਼ ਕੀਤੇ, ਜੋ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਮਾਤਾ ਗੁਜਰੀ ਜੀ ਦੇ ਧਰਮ ਪ੍ਰਤੀ ਅਟੱਲ ਵਿਸ਼ਵਾਸ ਨੂੰ ਦਰਸਾਉਂਦੇ ਸਨ | ਇਸ ਮੌਕੇ ਸਕੂਲ ਪਿ੍ੰਸੀਪਲ ਮਨਦੀਪ ਕੌਰ ਵਿਰਕ ਅਤੇ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਿਵੇਂ ਨੌਂ ਸਾਲ ਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਸੱਤ ਸਾਲ ਦੇ ਬਾਬਾ ਫ਼ਤਹਿ ਸਿੰਘ ਜੀ ਨੇ ਮੁਗਲ ਜ਼ਾਲਮ ਵਜ਼ੀਰ ਖਾਨ ਦੇ ਲਾਲਚ ਅਤੇ ਡਰ ਨੂੰ ਠੁਕਰਾ ਕੇ ਧਰਮ ਲਈ ਜਾਨ ਕੁਰਬਾਨ ਕਰ ਦਿੱਤੀ | ਮਾਤਾ ਗੁਜਰੀ ਜੀ ਨੇ ਠੰਢੇ ਬੁਰਜ ਵਿਚ ਕੈਦ ਹੋ ਕੇ ਵੀ ਆਪਣੇ ਪੋਤਰਿਆਂ ਨੂੰ ਸਿੱਖੀ ਸਿਧਾਂਤਾਂ 'ਤੇ ਅਟੱਲ ਰਹਿਣ ਦੀ ਪੇ੍ਰਰਨਾ ਦਿੱਤੀ ਅਤੇ ਆਖ਼ਰ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਆਪ ਵੀ ਪ੍ਰਾਣ ਤਿਆਗ ਦਿੱਤੇ | ਇਹ ਕੁਰਬਾਨੀਆਂ ਸਿੱਖ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਮਿਸਾਲਾਂ ਹਨ, ਜੋ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਨਿਡਰਤਾ ਅਤੇ ਵਿਸ਼ਵਾਸ ਦਾ ਪਾਠ ਪੜ੍ਹਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਬੱਚਿਆਂ ਵਿਚ ਆਪਣੇ ਇਤਿਹਾਸ ਪ੍ਰਤੀ ਮਾਣ ਅਤੇ ਸਤਿਕਾਰ ਪੈਦਾ ਹੁੰਦਾ ਹੈ | ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਹਿਬਜ਼ਾਦਿਆਂ ਵਾਂਗ ਧਰਮ 'ਤੇ ਖੜ੍ਹੇ ਰਹਿਣ | ਪਿ੍ੰਸੀਪਲ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੀ ਸਾਡੇ ਵਿਰਸੇ ਨੂੰ ਜਿਉਂਦਾ ਰੱਖਣ ਦਾ ਤਰੀਕਾ ਹੈ |
ਪਿਛਲੀ ਖ਼ਬਰ ਦਸਮੇਸ਼ ਪਿਤਾ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਪੰਚਮੀ ਦਾ ਪਵਿੱਤਰ ਦਿਹਾੜਾ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।