ਸਮਾਣਾ, 3 ਦਸੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪਿੁਲਸ ਨੇ ਭਾਰੀ ਪੁਲਿਸ ਫੋਰਸ ਨਾਲ ਪਿੰਡ ਮਿਆਲਕਲਾਂ ਵਿਖੇ ਡੇਰਿਆਂ ਦੇ ਇਕ ਘਰ ਵਿਚ ਅਕਾਲੀ ਆਗੂ ਗੁਰਭੇਜ ਸਿੰਘ ਭੇਜਾ ਨੂੰ ਗਿ੍ਫ਼ਤਾਰ ਕਰਨ ਲਈ ਛਾਪਾ ਮਾਰਿਆ | ਉਸ ਨੇ ਚੋਬਾਰੇ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਜਖ਼ਮੀ ਹੋ ਗਿਆ, ਪਰ ਗੱਡੀ ਰਾਹੀਂ ਫ਼ਰਾਰ ਹੋ ਗਿਆ | ਪੁਲਿਸ ਨੇ ਡਿਉਟੀ ਵਿਚ ਵਿਘਣ ਪਾਉਣ ਦੇ ਦੋਸ਼ ਹੇਠ ਕਰੀਬ 15 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਇਕ ਗੁਆਢੀ ਸਰਵਨ ਸਿੰਘ ਨੇ ਦੱਸਿਆ ਕਿ ਉਹ ਜਦੋਂ ਕਰੀਬ 4 ਵਜੇ ਉੱਠੇ ਤਾਂ ਉਨ੍ਹਾਂ ਦੇ ਡੇਰਿਆਂ ਦੁਆਲੇ ਗੁਰਭੇਜ ਸਿੰਘ ਨੂੰ ਕਾਬੂ ਕਰਨ ਲਈ ਕਾਫੀ ਤਦਾਦ 'ਚ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ | ਉਨ੍ਹਾਂ ਵਲੋਂ ਦਰਵਾਜ਼ਾ ਖੋਲ੍ਹਣ 'ਤੇ ਜਦੋਂ ਪੁਲਿਸ ਘਰ ਅੰਦਰ ਦਾਖਲ ਹੋਈ ਤਾਂ ਉਹ ਪੌੜੀਆਂ ਰਾਹੀ ਚੁਬਾਰੇ ਦੀ ਛੱਤ ਤੇ ਚੜ੍ਹ ਕੇ ਹੇਠਾਂ ਡਿੱਗ ਪਿਆ | ਜਦੋਂ ਸੱਟਾਂ ਲੱਗਣ 'ਤੇ ਰੌਲਾ ਪਾਉਣ ਲੱਗਾ ਤਾਂ ਇੱਕਠੇ ਹੋਏ ਲੋਕ ਉਸ ਨੂੰ ਇਕ ਕਾਰ ਰਾਹੀ ਹਸਪਤਾਲ ਇਲਾਜ ਕਰਵਾਉਣ ਦੇ ਬਹਾਨੇ ਫਰਾਰ ਹੋ ਗਏ | ਹਲਕਾ ਸਮਾਣਾ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਜਗਮੀਤ ਸਿੰਘ ਹਰਿਆਊ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰਭੇਜ ਸਿੰਘ ਖਿਲਾਫ਼ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ | ਜਦੋਂ ਪਾਰਟੀ ਨੇ ਗੁਰਭੇਜ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਤਾਂ ਪੁਲਿਸ ਨੇ ਅਗਲੇ ਦਿਨ ਹੀ ਕਾਰਵਾਈ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਪਹੁੰਚ ਗਈ ਤਾਂ ਜੋ ਉਹ ਚੋਣ ਨਾ ਲੜ ਸਕੇ | ਇਹ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ | ਇਸ ਸਬੰਧੀ ਡੀ.ਅੱੈਸ.ਪੀ. ਗੁਰਬੀਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਦਰਜ ਮੁਕੱਦਮਿਆਂ ਸਬੰਧੀ ਛਾਪਾ ਮਾਰਿਆ ਸੀ, ਪਰ ਮੁਲਜ਼ਮ ਫ਼ਰਾਰ ਹੋ ਗਿਆ ਹੈ | ਪੁਲਿਸ ਨੇ 15 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ |