18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਕਾਲੇ ਪਾਣੀ ਦਾ ਮੋਰਚਾ' ਬੈਨਰ ਹੇਠ ਅਦਾਲਤ ਤੇ ਐੱਨ. ਜੀ. ਟੀ. ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੀਤਾ ਰੋਸ ਮਾਰਚ

ਅਜੀਤ ਡੈਸਕ 04-12-2025
ਪਟਿਆਲਾ, 3 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਮਾਨਯੋਗ ਅਦਾਲਤ ਤੇ ਐੱਨ.ਜੀ.ਟੀ. ਦੇ ਹੁਕਮਾਂ ਨੂੰ ਸੂਬਾ ਸਰਕਾਰ 8 ਜਨਵਰੀ ਤੱਕ ਇੰਨ-ਬਿੰਨ ਲਾਗੂ ਕਰੇ ਨਹੀਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ | ਇਹ ਗੱਲ ਵੱਖ-ਵੱਖ ਜਥੇਬੰਦੀਆਂ ਵਲੋਂ 'ਕਾਲੇ ਪਾਣੀ ਦਾ ਮੋਰਚਾ' ਨਾਂਅ ਦੇ ਵਿੱਢੇ ਸੰਘਰਸ਼ ਦੇ ਬੈਨਰ ਹੇਠ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਾਭਾ ਰੋਡ ਸਥਿਤ ਮੁੱਖ ਦਫ਼ਤਰ ਤੱਕ ਕੱਢੇ ਰੋਸ ਮਾਰਚ ਮੌਕੇ ਅਗਵਾਈ ਕਰ ਰਹੇ ਆਗੂਆਂ ਵਲੋਂ ਕਹੀ ਗਈ | ਡਾ. ਅਮਨਦੀਪ ਸਿੰਘ ਬੈਂਸ ਨੇ ਦਸਿਆ ਕਿ ਲੰਬੇ ਸਮੇਂ ਤੋਂ ਸੂਬੇ ਅੰਦਰ ਪਲੀਤ ਹੋ ਰਹੇ ਪਾਣੀ ਖ਼ਾਸ ਕਰ ਬੁੱਢੇ ਦਰਿਆ 'ਚ ਕਾਲੇ ਹੋਏ ਪਾਣੀ ਕਾਰਨ ਮਰਦੇ ਲੋਕਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਹੁਣ ਮਾਨਯੋਗ ਅਦਾਲਤ ਅਤੇ ਨੈਸ਼ਨਲ ਗਰੀਨ ਟਰਬਿਊਨਲ (ਐੱਨ.ਜੀ.ਟੀ.) ਦੇ ਫ਼ੈਸਲਿਆਂ ਨੂੰ ਹੀ ਸੂਬਾ ਸਰਕਾਰ ਲਾਗੂ ਕਰਨ ਵਿਚ ਕੰਨੀਂ ਕਤਰਾ ਰਹੀ ਹੈ | ਜਦੋਂ ਕਿ ਅਦਾਲਤ ਵਲੋਂ ਸਪਸ਼ਟ ਤੌਰ ਉਤੇ ਉਨ੍ਹਾਂ ਥਾਵਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਜਿਸ ਰਾਹੀਂ ਗੰਦਾ ਅਤੇ ਜ਼ਹਿਰੀਲਾ ਪਾਣੀ ਇੰਡਸਟਰੀ ਵਿਚੋਂ ਬਾਹਰ ਸੁਟਿਆ ਜਾ ਰਿਹਾ ਹੈ | ਇੱਥੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗ ਸਮੇਂ ਮੁਤਾਬਿਕ ਸੂਬਾ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਇਸ ਨੂੰ ਨਾਗਰਿਕਾਂ ਦੀ ਜਾਨ ਨਾਲ ਖੇਡਣ ਅਤੇ ਕਾਨੂੰਨੀ ਤੌਰ 'ਤੇ ਮਿਲੇ ਹੁਕਮਾਂ ਦੀ ਅਵੱਗਿਆ ਸਮਝਿਆ ਜਾਵੇਗਾ |
ਇਸ ਮੌਕੇ ਰੋਸ ਮਾਰਚ ਵਿਚ ਵੱਡੀ ਗਿਣਤੀ ਲੋਕਾਂ ਵਲੋਂ ਸਰਕਾਰ ਦੇ ਅਵੇਸਲੇਪਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮੱਠੀ ਵਾਲਾ ਮੋਰਚਾ, ਕਮਾਲੂ ਮੋਰਚਾ, ਤਲਵੰਡੀ ਅਕਾਲੀਆਂ ਮੋਰਚਾ, ਚਮਕੌਰ ਸਾਹਿਬ ਮੋਰਚਾ, ਜੀਰਾ ਸਾਂਝਾ ਮੋਰਚਾ ਆਦਿ ਤੋਂ ਵੱਡੀ ਗਿਣਤੀ 'ਚ ਕਾਰਕੁਨ ਪਹੁੰਚੇ ਹੋਏ ਸਨ, ਜਿਸ ਵਿਚ ਅਮੀਜੋਤ ਸਿੰਘ, ਲੱਖਾ ਸਿਧਾਣਾ, ਕਪਿਲ ਅਰੋੜਾ, ਜਸਕਿਰਤ ਸਿੰਘ, ਕੁਲਦੀਪ ਸਿੰਘ ਖਹਿਰਾ, ਰੌਸ਼ਨ ਬਰਾੜ, ਸਤਨਾਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਪੁਲਿਸ ਰੇਡ ਦੌਰਾਨ ਅਕਾਲੀ ਆਗੂ ਛਾਲ ਮਾਰ ਕੇ ਫ਼ਰਾਰ, 15 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਹਲਕਾ ਨਵਾਂਸ਼ਹਿਰ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।