28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦੋ ਦਿਨਾ 47ਵਾਂ ਏ.ਆਈ.ਈ.ਐੱਸ.ਸੀ.ਬੀ. ਫੁੱਟਬਾਲ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 21-11-2025
ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਦੋ ਦਿਨਾਂ 47ਵਾਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਫੁੱਟਬਾਲ ਟੂਰਨਾਮੈਂਟ ਪੀ. ਐੱਸ. ਪੀ. ਸੀ. ਐਲ. ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਸ਼ੁਰੂ ਹੋ ਗਿਆ | ਉਦਘਾਟਨੀ ਸਮਾਰੋਹ 'ਚ ਦੇਸ਼ ਭਰ ਤੋਂ ਪ੍ਰਮੁੱਖ ਪਾਵਰ ਸੈਕਟਰ ਦੀਆਂ ਟੀਮਾਂ ਨੇ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਡਿਪਟੀ ਚੀਫ਼ ਇੰਜੀਨੀਅਰ ਇੰਜੀ. ਲਾਲ ਪ੍ਰੀਤ ਸਿੰਘ ਦੇ ਸਵਾਗਤੀ ਭਾਸ਼ਨ ਨਾਲ ਹੋਈ, ਜਿਨ੍ਹਾਂ ਨੇ ਸਾਰੇ ਖਿਡਾਰੀਆਂ, ਅਧਿਕਾਰੀਆਂ ਤੇ ਪਤਵੰਤਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਪਾਵਰ ਸੈਕਟਰ ਦੇ ਕਰਮਚਾਰੀਆਂ 'ਚ ਖੇਡ ਭਾਵਨਾ, ਅਨੁਸ਼ਾਸਨ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਅਤੇ ਪੀ. ਐੱਸ. ਪੀ. ਸੀ. ਐਲ. ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ, ਅਜਿਹੇ ਸਮਾਗਮ ਨਾ ਸਿਰਫ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਪੇਸ਼ੇਵਰ ਦੋਸਤੀ ਤੇ ਟੀਮ ਵਰਕ ਨੂੰ ਵੀ ਮਜ਼ਬੂਤ ਕਰਦੇ ਹਨ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਸੀ. ਏ. ਐੱਸ. ਕੇ. ਬੇਰੀ, ਡਾਇਰੈਕਟਰ ਪ੍ਰਸ਼ਾਸਨ/ਵਿੱਤ, ਪੀ. ਐੱਸ. ਪੀ. ਸੀ. ਐਲ. ਨੇ ਉਦਘਾਟਨੀ ਸਮਾਰੋਹ ਦੌਰਾਨ ਟੂਰਨਾਮੈਂਟ ਦਾ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਟੀਮਾਂ ਦੁਆਰਾ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ | ਆਪਣੇ ਉਦਘਾਟਨੀ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਇਸ ਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਪਟਿਆਲਾ ਵਿਖੇ ਕਰਨ 'ਤੇ ਮਾਣ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਫੁੱਟਬਾਲ ਸਾਨੂੰ ਲਚਕਤਾ, ਤਾਲਮੇਲ ਤੇ ਕਦੇ ਨਾ ਹਾਰ ਮੰਨਣ ਦੀ ਭਾਵਨਾ ਸਿਖਾਉਂਦੀ ਹੈ | ਮੈਨੂੰ ਭਰੋਸਾ ਹੈ ਕਿ ਇਹ ਟੂਰਨਾਮੈਂਟ ਸਾਰੀਆਂ ਟੀਮਾਂ 'ਚ ਉੱਤਮਤਾ ਨੂੰ ਪ੍ਰੇਰਿਤ ਕਰੇਗਾ ਤੇ ਸਿਹਤਮੰਦ ਮੁਕਾਬਲੇ ਨੂੰ ਵਧਾਵਾ ਦੇਵੇਗਾ | ਇਸ ਸਾਲ ਭਾਗ ਲੈਣ ਵਾਲੀਆਂ ਟੀਮਾਂ 'ਚ ਹਰਿਆਣਾ ਪਾਵਰ ਸਪੋਰਟਸ ਗਰੁੱਪ, ਪੀ. ਐੱਸ. ਪੀ. ਸੀ. ਐਲ. ਪਟਿਆਲਾ, ਐਮ. ਪੀ. ਪਾਵਰ, ਬਿਹਾਰ ਐੱਸ. ਪੀ. ਐੱਚ. ਸੀ., ਰਾਜਸਥਾਨ ਵੀ.ਐਨ., ਤੇਲੰਗਾਨਾ ਜੇਨਕੋ, ਦੇ ਨਾਲ-ਨਾਲ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਸ਼ਾਮਿਲ ਹਨ, ਜੋ ਦੋ ਦਿਨਾਂ ਦੇ ਦਿਲਚਸਪ ਮੁਕਾਬਲਿਆਂ ਦਾ ਵਾਅਦਾ ਕਰਦੀਆਂ ਹਨ | ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਦੇ ਅਹੁਦੇਦਾਰ ਨਰੇਸ਼ ਕੁਮਾਰ (ਜਨਰਲ ਸਕੱਤਰ), ਸੱਜਣ ਕੁਮਾਰ (ਸਲਾਹਕਾਰ), ਪੰਕਜ ਦਾਦਵਾਲ (ਸਲਾਹਕਾਰ), ਅਤੇ ਅਨਿਲ ਕੁਮਾਰ (ਸਪੋਰਟਸ ਸਕੱਤਰ) ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਪੀ. ਐੱਸ. ਪੀ. ਸੀ. ਐਲ. ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ 2027 'ਚ ਦੁਬਾਰਾ ਸਰਕਾਰ ਬਣਾਵੇਗੀ-ਵਿਧਾਇਕ ਦੇਵ ਮਾਨ ਅਗਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬੀਜੀ ਕਣਕ ਦਾ ਕੀਤਾ ਜਾ ਰਿਹੈ ਸਰਵੇਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।