ਪਟਿਆਲਾ 20 ਨਵੰਬਰ (ਅ. ਸ. ਆਹਲੂਵਾਲੀਆ)-ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਯਾਤਰਾ ਦੇ ਰੂਪ ਵਿਚ ਸਜਾਇਆ ਜਾ ਰਿਹਾ ਮਹਾਨ ਨਗਰ ਕੀਰਤਨ 21 ਨਵੰਬਰ ਨੂੰ ਪਟਿਆਲਾ ਜ਼ਿਲ੍ਹੇ 'ਚ ਦਾਖਲ ਹੋਵੇਗਾ | ਸੰਗਤ ਦੇ ਵਿਸ਼ਾਲ ਇਕੱਠ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਇਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ | ਇਹ ਵਿਸ਼ਾਲ ਨਗਰ ਕੀਰਤਨ ਸੰਗਰੂਰ ਰੋਡ ਗੁਰਦੁਆਰਾ ਪਰਮੇਸ਼ਵਰ ਦੁਆਰ, ਪਿੰਡ ਗੱਜੂਮਾਜਰਾ, ਪਸਿਆਣਾ ਪੁਲ ਆਰਮੀ ਏਰੀਆ, ਸੇਵਾ ਸਿੰਘ ਠੀਕਰੀਵਾਲਾ ਚੌਕ ਤੋਂ ਹੁੰਦਾ ਹੋਇਆ ਪਹਿਲਾ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜੇਗਾ ਜਿਥੇ ਪਟਿਆਲਾ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ | ਇਸ ਤੋਂ ਬਾਅਦ ਫੁਆਰਾ ਚੌਕ, ਲੀਲਾ ਭਵਨ, 22 ਨੰਬਰ ਰੇਲਵੇ ਲਾਈਨ ਫਾਟਕ ਪੁੱਲ ਤੋਂ ਹੁੰਦਾ ਹੋਇਆ ਥਾਪਰ ਯੂਨੀਵਰਸਿਟੀ ਚੌਕ ਤੇ ਜੇਲ੍ਹ ਰੋਡ-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹੁੰਦਾ ਹੋਇਆ ਦੂਜੇ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਪੁੱਜੇਗਾ | ਇਥੇ ਕੁੱਝ ਦੇਰ ਵਿਸ਼ਰਾਮ ਤੋਂ ਬਾਅਦ ਖੰਡਾ ਚੌਕ ਪੁਰਾਣਾ ਬੱਸ ਅੱਡਾ, ਨਵਾਂ ਬੱਸ ਅੱਡਾ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਬਹਾਦਰਗੜ੍ਹ ਪੰਹੁਚੇਗਾ ਤੇ ਫੇਰ ਰਾਜਪੁਰਾ ਸ਼ਹਿਰ , ਗਗਨ ਚੌਂਕ ਤੋ ਹੁੰਦਾ ਹੋਇਆ ਬਨੂੜ ਵੱਲ ਰਵਾਨਾ ਹੋਵੇਗਾ | ਸੰਗਤ ਦੀ ਸੁਵਿਧਾ ਲਈ ਜਗ੍ਹਾ ਜਗ੍ਹਾ ਵਿਸ਼ੇਸ਼ ਵਿਸ਼ਰਾਮ ਘਰ, ਪਾਣੀ ਦੇ ਕੈਂਪ, ਮੈਡੀਕਲ ਸਹਾਇਤਾ ਕੇਂਦਰ ਅਤੇ ਲੰਗਰ ਸੇਵਾ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ |