ਪਟਿਆਲਾ, 19 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਅਤੇ ਪਿ੍ੰਸੀਪਲ ਡਾ. (ਪ੍ਰੋ.) ਕੁਸੁਮ ਲਤਾ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਭਾਈ ਮਤੀ ਦਾਸ, ਭਾਈ ਸਤੀ ਦਾਸ , ਭਾਈ ਦਿਆਲਾ, ਭਾਈ ਜੈਤਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਇਤਿਹਾਸ ਤੇ ਮਹਾਨ ਕੁਰਬਾਨੀਆਂ ਵਿਸ਼ੇ ਤੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ | ਇਸੇ ਲੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਵਲੋਂ 'ਸ੍ਰੀ ਗੁਰੂ ਤੇਗ ਬਹਾਦੁਰ ਦਾ ਜੀਵਨ, ਪਵਿੱਤਰ ਕੁਰਬਾਨੀ ਅਤੇ ਸਿੱਖਿਆਵਾਂ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ | ਇਸ ਭਾਸ਼ਣ ਦੀ ਸ਼ੁਰੂਆਤ ਤੋਂ ਪਹਿਲਾਂ ਕਾਲਜ ਪਿ੍ੰਸੀਪਲ ਡਾ. (ਪ੍ਰੋ.) ਕੁਸਮ ਲਤਾ ਨੇ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ, ਅਧਿਆਪਕ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਨੇ ਨਾ ਕੇਵਲ ਧਾਰਮਿਕ, ਸਗੋਂ ਸਮਾਜਕ, ਆਰਥਿਕ, ਮਨੋਵਿਗਿਆਨਕ, ਸਭਿਆਚਾਰਕ ਅਤੇ ਰਾਜਨੀਤਿਕ ਜਾਗਰੂਕਤਾ ਦੇ ਰਸਤੇ ਖੋਲ੍ਹੇ | ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਸਭਿਆਚਾਰ, ਸਿਖਿਆ, ਅਧਿਆਤਮਿਕਤਾ ਅਤੇ ਸਵੈ-ਰੱਖਿਆ ਦਾ ਕੇਂਦਰ ਖੜ੍ਹਾ ਕੀਤਾ | ਸਮਾਜ ਵਿਚ ਸਭਿਆਚਾਰਕ ਹੀਣਤਾ, ਗ਼ੁਲਾਮੀ ਦੀ ਸੋਚ ਅਤੇ ਅਵਿੱਦਿਆ ਨੂੰ ਖ਼ਤਮ ਕਰਕੇ ਖੁਦ 'ਤੇ ਵਿਸ਼ਵਾਸ, ਸ਼ਬਦ ਦਾ ਮਹੱਤਵ, ਵੈਰਾਗ, ਜੀਵਨ ਮੁਕਤੀ ਅਤੇ ਸਮੇਂ ਦੀ ਕੀਮਤ ਨੂੰ ਸਮਝਾਇਆ | ਇਸ ਵਿਸ਼ੇਸ਼ ਭਾਸ਼ਣ ਦੇ ਕਨਵੀਨਰ ਡਾ. ਪਰਮਜੀਤ ਸਿੰਘ ਨੇ ਸਮਾਰੋਹ ਵਿੱਚ ਮੌਜੂਦ ਪਿ੍ੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |