ਨਾਭਾ, 18 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਵਿਖੇ ਸਲਾਨਾ ਇੰਟਰ-ਹਾਊਸ ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ ਹੋ ਗਈ ਹੈ, ਜਿਸ ਦੌਰਾਨ ਬਿਆਸ ਹਾਊਸ ਦੇ ਕੁਵਰਦੇਸ਼ਵਰ ਸਿੰਘ, ਬਖਸ਼ਦੀਪ ਸਿੰਘ ਸਿੱਧੂ ਤੇ ਰਾਵੀ ਹਾਊਸ ਦੇ ਸੁਖਮਨਵੀਰ ਸਿੰਘ ਸਿੱਧੂ ਨੂੰ ਕ੍ਰਮਵਾਰ ਸੈਕਸ਼ਨ-ਏ, ਸੈਕਸ਼ਨ-ਬੀ ਅਤੇ ਸੈਕਸ਼ਨ-ਸੀ ਵਿਚ ਸਰਵੋਤਮ ਅਥਲੀਟ ਐਲਾਨਿਆ ਗਿਆ | ਬਿਆਸ ਹਾਊਸ ਦੀ ਗੁਰਲੀਨ ਕੌਰ ਤੇ ਰਾਵੀ ਹਾਊਸ ਦੀ ਅਰਵਿੰਦਰ ਕੌਰ ਨੂੰ ਸੈਕਸ਼ਨ-ਏ ਵਿਚ ਸਰਵੋਤਮ ਐਥਲੀਟ ਐਲਾਨਿਆ ਗਿਆ ਜਦੋਂ ਕਿ ਬਿਆਸ ਹਾਊਸ ਦੀ ਰਹਿਮਤ ਕੌਰ ਨੇ ਸੈਕਸ਼ਨ-ਬੀ ਵਿਚ ਵੱਕਾਰੀ ਖਿਤਾਬ ਜਿੱਤਿਆ | ਸਕੂਲ ਹੈਡਮਾਸਟਰ ਡਾ. ਡੀ. ਸੀ. ਸ਼ਰਮਾ ਨੇ ਦੱਸਿਆ ਕਿ ਲਗਪਗ ਸਾਰਿਆਂ ਵਿਚ ਬਿਆਸ ਹਾਊਸ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਦਬਦਬਾ ਬਣਾਈ ਰੱਖਿਆ, ਸੀਨੀਅਰ ਗਰਲਜ਼, ਜੂਨੀਅਰ ਗਰਲਜ਼ ਅਤੇ ਮਿਡਲ ਹਾਊਸਜ਼ ਦੀ ਐਥਲੈਟਿਕਸ ਟਰਾਫੀ ਦੇ ਨਾਲ-ਨਾਲ ਸੀਨੀਅਰ ਹਾਊਸਜ਼ ਦਾ ਖਿਤਾਬ ਵੀ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਰਾਵੀ ਹਾਊਸ ਨੇ ਜੂਨੀਅਰ ਹਾਊਸਜ਼ ਦੀ ਅਥਲੈਟਿਕਸ ਟਰਾਫੀ ਜਿੱਤੀ ਜਦੋਂ ਕਿ ਬਿਆਸ ਹਾਊਸ ਨੇ ਮੁੰਡਿਆਂ ਲਈ ਓਵਰਆਲ ਅਥਲੈਟਿਕਸ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਆਪਣੀ ਲੀਡ ਨੂੰ ਹੋਰ ਮਜ਼ਬੂਤ ਕੀਤਾ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜੋੜਦੇ ਹੋਏ, ਬਿਆਸ ਹਾਊਸ ਨੇ ਮਾਰਚ ਪਾਸਟ ਟਰਾਫੀ ਵੀ ਜਿੱਤੀ | ਉਨ੍ਹਾਂ ਕਿਹਾ ਕਿ ਬਿ੍ਗੇਡੀਅਰ ਅਦਿੱਤਿਆ ਮਦਾਨ (ਸੇਵਾਮੁਕਤ) ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਵਲੋਂ ਇਸ ਚੈਂਪੀਅਨਸ਼ਿਪ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ | ਹੈੱਡਮਾਸਟਰ ਡਾ. ਡੀ. ਸੀ. ਸ਼ਰਮਾ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |