ਪਾਤੜਾਂ, 7 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲੇ੍ਹ ਦੀ ਸਬਡਵੀਜ਼ਨ ਪਾਤੜਾਂ ਦੇ ਕਸਬਾ ਬਾਦਸ਼ਾਹਪੁਰ ਵਿਚ ਸ਼ੈਲਰਾਂ ਵਿਚ ਰਾਤ ਸਮੇਂ ਹਥਿਆਰਬੰਦ ਚੋਰਾਂ ਵਲੋਂ ਝੋਨੇ ਦੀਆਂ ਬੋਰੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ | ਇੱਕੋ ਰਾਤ ਵਿਚ ਇਕ ਹੀ ਸ਼ੈਲਰ ਵਿੱਚ ਦੋ-ਦੋ ਚੋਰੀਆਂ ਕੀਤੀਆਂ ਜਾਣ ਕਾਰਨ ਸ਼ੈਲਰ ਮਾਲਕਾਂ ਵਿਚ ਹਾਹਾਕਾਰ ਮਚੀ ਹੋਈ ਹੈ | ਭੁੱਗੂ ਇੰਡਸਟਰੀ ਦੇ ਮਾਲਕ ਬਾਦਸ਼ਾਹਪੁਰ ਦੇ ਮਾਲਕ ਗੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਸ਼ੈਲਰ ਵਿੱਚ ਇਕ ਗੱਡੀ 'ਤੇ ਹਥਿਆਰਬੰਦ ਚੋਰਾਂ ਨੇ ਸ਼ੈਲਰ ਦੀ ਕੰਧ ਟੱਪ ਕੇ ਅਤੇ ਅੰਦਰ ਪਏ ਲੱਕੜ ਦੇ ਕਰੇਟਾਂ ਨੂੰ ਪੜ੍ਹੀ ਵਜੋਂ ਵਰਤ ਕੇ ਸ਼ੈਲਰ ਵਿਚ ਝੋਨੇ ਦੀ ਲੱਗੀ ਧਾਂਕ ਵਿਚ 160 ਦੇ ਕਰੀਬ ਝੋਨੇ ਦੇ ਬੋਰੇ ਚੋਰੀ ਕਰਕੇ ਲੈ ਗਏ ਹਨ | ਇਕ ਗੱਡੀ 'ਤੇ ਇਨ੍ਹਾਂ ਵਲੋਂ ਦੋ ਗੇੜਿਆਂ ਵਿਚ ਚੋਰੀ ਕਰਕੇ ਲਿਜਾਣ ਵਾਲੇ ਇਨ੍ਹਾਂ ਬੇਖ਼ੌਫ ਚੋਰਾਂ ਨੂੰ ਫੜਨ ਲਈ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ | ਭਗਵਾਨ ਦਾਸ ਬਾਦਸ਼ਾਹਪੁਰ ਨੇ ਦੱਸਿਆ ਕਿ ਅਨਾਜ ਮੰਡੀ ਦੇ ਨਨਹੇੜਾ ਪਿੰਡ ਦੇ ਫੜ੍ਹ ਤੇ ਅਪ੍ਰੈਲ ਮਹੀਨੇ 'ਚ 44 ਥੈਲੇ ਕਣਕ ਦੇ ਚੋਰੀ ਹੋ ਗਏ ਜਿਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੇ ਜਾਣ 'ਤੇ ਕੋਈ ਕਾਰਵਾਈ ਨਹੀਂ ਅਤੇ ਹੁਣ ਫਿਰ 18 ਅਕਤੂਬਰ ਨੂੰ 54 ਥੈਲ੍ਹੇ ਫਿਰ ਚੋਰੀ ਹੋ ਗਏ ਹਨ ਕੈਮਰਿਆਂ ਤੋਂ ਦੇਖਣ ਤੋਂ ਪਤਾ ਲੱਗਿਆ ਹੈ ਕਿ ਇੱਕੋ ਗੱਡੀ ਹੀ ਚੋਰੀ ਲਈ ਵਰਤੀ ਜਾ ਰਹੀ ਹੈ | ਸ੍ਰੀ ਰਾਮ ਫੂਡ ਦੇ ਮਾਲਕ ਵਰਣ ਸਿੰਗਲਾ ਨੇ ਦੱਸਿਆ ਕਿ ਇਸ ਸ਼ੈਲਰ ਵਿੱਚ ਬੀਤੇ ਸਾਲ 35 ਥੱਲ੍ਹੇ ਝੋਨੇ ਦੇ ਚੋਰੀ ਹੋ ਗਏ ਸਨ ਜਿਸ ਦਾ ਕੋਈ ਪਤਾ ਨਹੀ ਲੱਗ ਸਕਿਆ | ਐੱਸ.ਅੱੈਸ ਰਾਇਸ ਮਿੱਲ੍ਹ ਨਨਹੇੜਾ ਦੇ ਮਾਲਕ ਦੇਸ ਰਾਜ ਨੇ ਦੱਸਿਆ ਕਿ ਬੀਤੇ ਸਾਲ 10ਵੇਂ ਮਹੀਨੇ 'ਚ 62 ਥੱਲ੍ਹੇ ਝੋਨ੍ਹੇ ਦੇ ਚੋਰੀ ਕੀਤੇ ਗਏ ਸਨ ਅਤੇ ਉਸ ਸਮੇਂ ਚੋਰਾਂ ਨੇ ਇੱਕੋ ਰਾਤ ਵਿੱਚ ਇੱਕ ਘੰਟੇ ਵਿੱਚ 2 ਚੱਕਰ ਲਾ ਕੇ ਇਹ ਚੋਰੀ ਕੀਤੀ ਸੀ ਅਤੇ ਇਸ ਵਾਰ ਵੀ 11 ਥੈਲ੍ਹੇ ਹੋਰ ਚੋਰੀ ਹੋ ਗਏ ਹਨ | ਇਹ ਚੋਰ ਹਥਿਆਰਬੰਦ ਹੋਣ ਕਾਰਨ ਸਾਨੂੰ ਡਰ ਹੈ ਕਿ ਇਹ ਸਾਡਾ ਜਾਨੀ ਨੁਕਸਾਨ ਕਰ ਸਕਦੇ ਹਨ ਜੇਕਰ ਜੇਕਰ ਪੁਲਿਸ ਨੇ 2 ਦਿਨਾਂ ਵਿਚ ਇਨ੍ਹਾਂ ਚੋਰਾਂ ਨੂੰ ਕਾਬੂ ਨਾ ਕੀਤਾ ਤਾਂ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ | ਪੁਲਿਸ ਚੌਕੀ ਮੁਖੀ ਪ੍ਰੇਮ ਸਿੰਘ ਨੇ ਕਿਹਾ ਕਿ ਗੁਰਿੰਦਰ ਸਿੰਘ ਭੰਗ ਵੱਲੋਂ ਦਿੱਤੀ ਗਈ ਸੂਚਨਾ ਤੇ ਸੀ.ਆਈ.ਏ. ਸਟਾਫ ਦੀ ਮਦਦ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |