28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਹਮੀਰ ਸਿੰਘ ਨੂੰ 'ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ' ਦੇਣ ਦੇ ਫ਼ੈਸਲੇ 'ਤੇ ਜਥੇਬੰਦੀਆਂ ਨੇ ਖ਼ੁਸ਼ੀ ਪ੍ਰਗਟਾਈ <br/>

ਅਜੀਤ ਡੈਸਕ 08-11-2025
ਭਾਦਸੋਂ, 7 ਨਵੰਬਰ (ਪ੍ਰਦੀਪ ਦੰਦਰਾਲਾ)-ਪਟਿਆਲ਼ਾ ਜ਼ਿਲ੍ਹੇ ਦੇ ਨੇੜਲੇ ਪਿੰਡ ਲੁਬਾਣਾ ਟੇਕੂ ਦੇ ਜੰਮਪਲ ਤੇ ਪੱਤਰਕਾਰਤਾ ਦੇ ਖੇਤਰ 'ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੂੰ 'ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ' ਦਿੱਤਾ ਜਾਵੇਗਾ | ਪੰਜਾਬੀ ਸਾਹਿਤ ਸਭਾ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਵਲੋਂ ਆਪਣੇ 49ਵੇਂ ਦਿਵਸ ਮੌਕੇ 9 ਨਵੰਬਰ ਨੂੰ ਇਹ ਪੁਰਸਕਾਰ ਨਵਾਂ ਸਹਿਰ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਕੌਲਗੜ੍ਹ ਵਿਖੇ ਭਗਵੰਤ ਕਰਮ ਸਿੰਘ ਸੇਤਰਾ ਸਹਿਕਾਰੀ ਖੇਤੀਬਾੜੀ ਫਾਰਮ (ਬੀ. ਕੇ. ਫਾਰਮ ਹਾਊਸ) ਵਿਖੇ ਵੱਡੇ ਸਮਾਗਮ ਦੌਰਾਨ ਦਿੱਤਾ ਜਾਵੇਗਾ | ਦੱਸਣਯੋਗ ਹੈ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਰੋਜ਼ਾਨਾ 'ਅਜੀਤ' ਜਲੰਧਰ ਦੇ ਬਾਨੀ ਸੰਪਾਦਕ ਡਾਕਟਰ ਸਾਧੂ ਸਿੰਘ ਹਮਦਰਦ ਦੀ ਯਾਦ 'ਚ 1986 ਤੋਂ 'ਡਾਕਟਰ ਸਾਧੂ ਸਿੰਘ ਹਮਦਰਦ ਪੁਰਸਕਾਰ' ਦਿੱਤਾ ਜਾਂਦਾ ਹੈ | 24 ਜੁਲਾਈ 1965 ਨੂੰ ਪਿਤਾ ਹਰਨੇਕ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਜਨਮੇ ਹਮੀਰ ਸਿੰਘ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਸਿੱਖਿਆ ਹਾਸਲ ਕਰਕੇ ਆਈ.ਟੀ.ਆਈ ਨਾਭਾ ਵਿਚ ਦਾਖਲਾ ਲਿਆ | ਆਈ.ਟੀ.ਆਈ. ਤੋਂ ਬਾਅਦ ਉਨ੍ਹਾਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਬੀ.ਏ, ਐੱਮ.ਏ. ਕਰਦੇ ਹੋਏ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਸਟੂਡੈਂਟ ਫ਼ਰੰਟ ਪੰਜਾਬ ਬਣਾ ਕੇ ਪੰਜਾਬ ਦੇ ਕਾਫ਼ੀ ਕਾਲਜਾਂ 'ਚ ਜਾ ਕੇ ਸਟੂਡੈਂਟਾਂ ਨੂੰ ਲਾਮਬੰਦ ਕੀਤਾ ਅਤੇ ਰਾਜਨੀਤਿਕ ਪ੍ਰਪੱਕਤਾ ਹਾਸਿਲ ਕੀਤੀ | ਇਸ ਸਮੇਂ ਦੌਰਾਨ ਪੰਜਾਬ ਵਿਚ ਖਾੜਕੂ ਲਹਿਰ ਦਾ ਪੂਰਾ ਪ੍ਰਭਾਵ ਹੁੰਦੇ ਹੋਏ ਵੀ ਡੈਮੋਕ੍ਰੇਟਿਕ ਤਰੀਕੇ ਨਾਲ ਲੜਨ ਦੇ ਆਪਣੇ ਵਿਚਾਰਾਂ 'ਤੇ ਮਜ਼ਬੂਤੀ ਨਾਲ ਪਹਿਰਾ ਦਿੰਦੇ ਰਹੇ | ਵਿਦਿਆਰਥੀ ਫ਼ਰੰਟ ਦੇ ਨਾਲ-ਨਾਲ ਇੰਟਰਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ | ਦੇਸ਼ ਅਤੇ ਵਿਦੇਸ਼ ਪੱਧਰ ਦੇ ਮਾਮਲਿਆਂ 'ਤੇ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ ਦੇ ਰਾਹ ਪਾਉਂਦੇ ਰਹੇ | ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਰਨਲਿਜ਼ਮ ਦੀ ਮਾਸਟਰ ਡਿਗਰੀ ਕਰਦੇ ਹੋਏ ਵਿਦਿਆਰਥੀ ਮਾਮਲਿਆਂ ਲਈ ਲੜਦੇ ਰਹੇ | ਹਮੀਰ ਸਿੰਘ ਨੇ ਵਿਚਾਰਕ ਪ੍ਰਪੱਕਤਾ ਦੇ ਨਾਲ-ਨਾਲ 'ਇੰਟਰਨੈਸ਼ਨਲ ਵਿਊ ਪੁਆਇੰਟ' ਲਈ ਲਗਾਤਾਰ ਲਿਖਦੇ ਰਹੇ | 'ਅੱਜ ਦੀ ਆਵਾਜ਼' ਦੇ ਨਿਊਜ਼ ਐਡੀਟਰ ਤੋਂ ਆਪਣੀ ਪੱਤਰਕਾਰਤਾ ਸ਼ੁਰੂ ਕਰਦਿਆਂ ਤੋਂ ਬਾਅਦ ਲੰਮਾ ਸਮਾਂ 'ਅਮਰ ਉਜਾਲਾ' ਵਿਚ ਚੰਡੀਗੜ੍ਹ ਵਿਖੇ ਕੰਮ ਕਰਦੇ ਰਹੇ | ਉਪਰੰਤ ਪੰਜਾਬੀ ਟਿ੍ਬਿਊਨ 'ਚ ਨਿਊਜ਼ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕਰਨ ਤੋਂ ਇਲਾਵਾ 'ਪਾਣੀਆਂ ਦੀ ਦਾਸਤਾਨ' ਨੂੰ ਸੰਪਾਦਨ ਕੀਤਾ | ਅੱਜ ਕੱਲ੍ਹ 'ਪੁਲਾਂਘ ਇਕ ਉਮੀਦ ਚੈਨਲ' ਰਾਹੀਂ ਰੋਜਾਨਾ ਵੱਡੇ ਤੇ ਭਖਦੇ ਮਸਲਿਆਂ 'ਤੇ ਟਿੱਪਣੀਆਂ ਕਰਦੇ ਹਨ | ਹਮੀਰ ਸਿੰਘ ਨੂੰ ਇਸ ਪੁਰਸਕਾਰ ਦੇਣ ਦੇ ਐਲਾਨ ਨਾਲ ਭਾਦਸੋਂ ਇਲਾਕੇ ਦੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਕਰਨੈਲ ਸਿੰਘ ਜਖੇਪਲ ਆਈ.ਡੀ.ਪੀ. ਆਗੂ, ਫਲਜੀਤ ਸਿੰਘ ਸੰਗਰੂਰ, ਹਰਜਿੰਦਰ ਕੌਰ ਲੋਪੇ ਡੈਮੋਕ੍ਰੇਟਿਕ ਕੁੱਕ ਫ਼ਰੰਟ, ਰਾਜ ਕੁਮਾਰ ਕਨਸੂਹਾ ਪ੍ਰਧਾਨ ਮਨਰੇਗਾ ਫ਼ਰੰਟ ਪੰਜਾਬ, ਕਿ੍ਸ਼ਨ ਸਿੰਘ ਲੁਬਾਣਾ, ਗੁਰਮੀਤ ਸਿੰਘ ਥੂਹੀ, ਜਗਜੀਤ ਸਿੰਘ ਨੌਹਰਾ, ਅਮਰਜੀਤ ਸਿੰਘ ਦੰਦਰਾਲਾ, ਬਚਿੱਤਰ ਸਿੰਘ ਦੰਦਰਾਲਾ, ਗੁਰਮੀਤ ਸਿੰਘ ਨਿਰਮਾਣ, ਰਣਧੀਰ ਸਿੰਘ ਦਿੱਤੂਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ੍ਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਨਿਸ਼ਚਿਤ- ਲੱਖੀ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।