ਪਟਿਆਲਾ, 7 ਨਵੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਨੇ ਵਰਤਮਾਨ ਅਕਾਦਮਿਕ ਸੈਸ਼ਨ ਦੀ ਪਹਿਲੀ ਮਾਪੇ ਅਧਿਆਪਕ ਮਿਲਣੀ ਨੂੰ ਕਰਵਾਈ ਗਈ | ਇਹ ਮੀਟਿੰਗ ਪੈਰੈਂਟਸ-ਟੀਚਰ ਐਸੋਸੀਏਸ਼ਨ (ਪੀ.ਟੀ.ਏ.) ਤੇ ਕਾਲਜ ਦੀ ਜੌਗਰਾਫੀ ਸੁਸਾਇਟੀ ਵਲੋਂ ਸੰਯੁਕਤ ਤੌਰ 'ਤੇ ਕੀਤੀ ਗਈ | ਹਾਈਬਿ੍ਡ ਫਾਰਮੈਟ ਵਿਚ ਆਨਲਾਈਨ ਤੇ ਆਫਲਾਈਨ ਮੋਡ ਨੂੰ ਅਪਣਾਉਣ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਗਿਆ | ਇਸ ਨਾਲ ਨਾ ਸਿਰਫ਼ ਲੋਕਲ ਪੱਧਰ 'ਤੇ ਮਾਪਿਆ ਨੇ ਹਿੱਸਾ ਲਿਆ, ਬਲਕਿ ਵਿਦੇਸ਼ਾਂ ਵਿੱਚ ਵੱਸਣ ਵਾਲੇ ਮਾਪੇ ਵੀ ਆਨਲਾਈਨ ਜੁੜੇ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਵਿਸਤਰਿਤ ਚਰਚਾ 'ਤੇ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਅਕਾਦਮਿਕ, ਸੱਭਿਆਚਾਰਕ ਖੇਤਰਾਂ ਅਤੇ ਖੇਡਾਂ 'ਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਖ਼ਾਸ ਤੌਰ 'ਤੇ ਯਾਦ ਕੀਤਾ ਗਿਆ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਵੀ ਨਿਵਾਜਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ. ਗੋਰਖ ਸਿੰਘ, ਜੌਗਰਾਫੀ ਵਿਭਾਗ ਦੇ ਮੁਖੀ ਨੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਿੱਖਿਆ ਨੂੰ ਸਾਂਝੀ ਜ਼ਿੰਮੇਵਾਰੀ ਲਈ ਮਜ਼ਬੂਤ ਬਣਾਉਂਦੀਆਂ ਹਨ | ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਸੰਸਥਾ ਉੱਚ ਪੱਧਰੀ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀ ਸੰਤੁਲਿਤ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ |ਚੀਫ਼ ਗੈਸਟ ਵਜੋਂ ਪਹੁੰਚੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਪੀ.ਪੀ.ਐੱਸ. ਪੰਜਾਬ ਮਿਸਟਰ ਐੱਸ.ਪੀ. ਰਾਜਿੰਦਰਪਾਲ ਸਿੰਘ ਆਨੰਦ ਨੇ ਕਿਹਾ, Uਕਾਲਜ ਪ੍ਰਸ਼ਾਸਨ ਦੇ ਯਤਨਾਂ ਨੂੰ ਵੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ਹੈ | ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਨੂੰ ਨਿਰੰਤਰ ਨਿਗਰਾਨੀ ਹੇਠ ਅਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ | ਪੀ.ਟੀ.ਏ. ਕਮੇਟੀ ਦੀ ਕਨਵੀਨਰ ਡਾ. ਅੰਜੂ ਖੁੱਲਰ ਨੇ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ |