ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਂਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੇਸ ਦੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਬਾਰੇ ਕੀਤੀ ਗਈ ਜਾਤੀ ਸੂਚਕ ਟਿੱਪਣੀ 'ਤੇ ਰੋਸ ਜਾਹਿਰ ਕਰਦੇ ਹੋਏ ਭਾਜਪਾ ਆਗੂ ਡਾ. ਗੁਰਵਿੰਦਰ ਕਾਂਸਲ ਨੇ ਰਾਜਾ ਵੜਿੰਗ ਦੀ ਘੋਰ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਤਰਨਤਾਰਨ ਵਿਖੇ ਚੋਣ ਪ੍ਰਚਾਰ ਦੌਰਾਨ ਬੂਟਾ ਸਿੰਘ ਸੰਬੰਧੀ ਗਲਤ ਸ਼ਬਦ ਵਰਤ ਕੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ ਜੋ ਕਿ ਨਿੰਦਾਯੋਗ ਗੱਲ ਹੈ | ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਭਾਰਤ ਦੇਸ ਦੀ ਦਲਿਤ ਰਾਜਨੀਤੀ ਦਾ ਧੁਰਾ ਸਨ | ਉਨ੍ਹਾਂ ਨੇ ਹਰ ਖ਼ਾਸ ਮੌਕੇ 'ਤੇ ਪੂਰੇ ਵਿਸ਼ਵ ਵਿਚ ਆਪਣੇ ਬਲਬੂਤੇ ਅਤੇ ਆਪਣੇ ਵਿਚਾਰਾਂ ਨਾਲ ਭਾਰਤ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਚਮਕਾਇਆ | ਉਨ੍ਹਾਂ ਕਿਹਾ ਕਿ ਇਕ ਰਾਜਨੀਤਿਕ ਅਤੇ ਸਾਂਸਦ ਮੈਂਬਰ ਹੋਣ ਦੇ ਨਾਤੇ ਰਾਜਾ ਵੜਿੰਗ ਵਲੋਂ ਸਸਤੀ ਲੋਕਪਿ੍ਯਤਾ ਹਾਸਲ ਕਰਨ ਲਈ ਦਿੱਤਾ ਗਿਆ ਇਹ ਬਿਆਨ ਉਨ੍ਹਾਂ ਦੀ ਮਾਨਸਿਕ ਦਸ਼ਾ ਨੂੰ ਦਰਸਾਉਂਦਾ ਹੈ | ਇਸ ਮੌਕੇ ਉਨ੍ਹਾਂ ਨੇ ਐੱਸ. ਸੀ. ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਅਪਮਾਨਜਨਕ ਟਿੱਪਣੀ 'ਤੇ ਰਾਜਾ ਵੜਿੰਗ ਖ਼ਿਲਾਫ਼ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ |