12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੀ. ਐੱਸ. ਯੂ. ਵਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰਦਰਸ਼ਨ

ਨਾਭਾ ਵਿਖੇ ਪੰਜਾਬ ਸਟੂਡੈਂਟ ਯੂਨੀਅਨ ਵਲੋਂ ਕੀਤੇ ਪ੍ਰਦਰਸ਼ਨ ਦਾ ਦਿ੍ਸ਼ | ਅਜੀਤ ਤਸਵੀਰ <br/> 04-11-2025
ਨਾਭਾ, 3 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁਨਾਂ ਤੇ ਹਵਾਲਾਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਪੀ. ਐੱਸ. ਯੂ. ਦੇ ਜ਼ਿਲ੍ਹਾ ਸੈਕਟਰੀ ਗੁਰਧਿਆਨ ਸਿੰਘ ਹਰੀਗੜ੍ਹ ਨੇ ਕਿਹਾ ਕਿ ਦਿੱਲੀ ਅਤੇ ਦੇਸ ਦੇ ਹੋਰਾਂ ਸੂਬਿਆਂ ਵਿਚ 1984 ਵਿਚ ਸਿੱਖ ਕਤਲੇਆਮ ਵਾਪਰਿਆ ਸੀ, ਜਿਸ ਨੂੰ ਕਰੀਬ 41 ਵਰ੍ਹੇ ਹੋ ਚੁੱਕੇ ਹਨ, ਦੇ ਬਾਵਜੂਦ ਅੱਜ ਵੀ ਵੱਡੀ ਗਿਣਤੀ ਪੀੜਤ ਪਰਿਵਾਰ ਇਨਸਾਫ਼ ਦੀ ਆਸ ਵਿਚ ਬੈਠੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿਚ ਭਾਰਤੀ ਨਿਆਂ ਪ੍ਰਬੰਧ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਇਆ ਹੈ ਜਦੋਂ ਕਿ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ ਮੁਤਾਬਿਕ ਦੇਸ ਦੇ ਵੱਖ-ਵੱਖ ਕੋਨਿਆਂ ਵਿਚ 6000 ਤੋਂ ਵੱਧ ਸਿੱਖ ਲੋਕਾਂ ਦਾ ਕਤਲ ਕੀਤਾ ਗਿਆ | ਹਰੀਗੜ੍ਹ ਨੇ ਕਿਹਾ ਕਿ ਇਸ ਕਤਲੇਆਮ ਨੂੰ ਕਰਵਾਉਣ ਵਾਲਿਆਂ ਉਪਰ ਸਿਰਫ 600 ਕੇਸ ਰਜਿਸਟਰ ਹੋਣ ਦੇ ਬਾਵਜੂਦ ਸਿਰਫ 39 ਕੇਸਾਂ ਵਿਚ ਫ਼ੈਸਲਾ ਹੋਇਆ ਹੈ | ਉਨ੍ਹਾਂ ਕਿਹਾ ਕਿ ਦੇਸ ਵਿਚ ਮੌਜੂਦਾ ਕੇਂਦਰ ਸਰਕਾਰ ਵਲੋਂ ਧਾਰਮਿਕ ਘੱਟ ਗਿਣਤੀਆਂ 'ਤੇ ਹਮਲੇ ਲਗਾਤਾਰ ਜਾਰੀ ਹਨ | ਪੀ. ਐੱਸ. ਯੂ. ਦੀ ਜ਼ਿਲ੍ਹਾ ਆਗੂ ਆਰਤੀ ਸ਼ਰਮਾ ਨੇ ਕਿਹਾ ਕਿ ਇਕ ਪਾਸੇ 1984 ਤੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਦੂਜੇ ਪਾਸੇ ਦੇਸ ਦੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਤੇ ਸਮਾਜਿਕ ਸਿਆਸੀ ਕਾਰਕੁਨਾਂ ਨੂੰ ਯੂ.ਏ.ਪੀ.ਏ. ਵਰਗੇ ਕਾਨੂੰਨ ਲਾ ਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ | ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪ੍ਰਦਰਸ਼ਨ ਦੇ ਅਖੀਰ ਵਿਚ ਪੰਜਾਬ ਯੂਨੀਵਰਸਿਟੀ ਦੀ ਸੈਨਿਟ ਭੰਗ ਕਰਨ ਦੇ ਖ਼ਿਲਾਫ਼ ਵਿਰੋਧ ਦਾ ਮਤਾ ਪਾਸ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰ ਮਨਜੋਤ, ਰਣਜੀਤ, ਅਰਸ਼, ਹਰਸ਼, ਬਲਰਾਮ, ਸ਼ਾਮਿਲ ਰਹੇ |
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ, ਪਰਚਾ ਦਰਜ ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਲਖਵੀਰ ਸਿੰਘ ਲੌਟ ਨੇ ਦਿੱਤੀ ਮੁਬਾਰਕਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।