30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਟਿਆਲਾ 'ਚੋਂ ਭੀਖ ਮੰਗਦੇ 19 ਬੱਚੇ ਬਚਾਏ ਗਏ, ਜ਼ਿਲ੍ਹੇ ਭਰ 'ਚ ਹੋਵੇਗੀ ਛਾਪੇਮਾਰੀ-ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਜਾਇਜ਼ਾ ਬੈਠਕ ਦੌਰਾਨ ਬਾਲ ਭਿੱਖਿਆ ਰੋਕਣ ਤੇ ਡੀ. ਐਨ. ਏ. ਟੈੱਸਟ ਲਈ ਉਪਬੰਧਾਂ ਬਾਰੇ ਵਿਚਾਰ ਕਰਦੇ ਹੋਏ | ਅਜੀਤ ਤਸਵੀਰ <br/> 22-07-2025
ਪਟਿਆਲਾ, 21 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਰਾਜ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵਲੋਂ ਪਟਿਆਲਾ ਜ਼ਿਲ੍ਹੇ ਵਿਚੋਂ ਵੱਖ-ਵੱਖ ਥਾਵਾਂ 'ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ ਹਨ | ਉਨ੍ਹਾਂ ਦੱਸਿਆ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖ਼ਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਿ੍ੜ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ 'ਚ ਛਾਪੇਮਾਰੀ ਕੀਤੀ ਜਾਵੇਗੀ | ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਸਮੇਤ ਜ਼ਿਲ੍ਹੇ ਨੂੰ ਭੀਖ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਅੰਦਰ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀ.ਐਨ.ਏ. ਟੈੱਸਟ ਕਰਵਾਉਣ ਸਮੇਤ ਬਾਲ ਮਜ਼ਦੂਰੀ ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ | ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਿਤ ਥਾਵਾਂ 'ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਤਸਕਰੀ ਦਾ ਸੌਖਾ ਨਿਸ਼ਾਨਾ ਹੁੰਦੇ ਹਨ, ਇਸ ਲਈ ਬਾਲ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀ.ਐਨ.ਏ. ਟੈੱਸਟ ਲਈ ਏ.ਡੀ.ਸੀ. (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੀ. ਡੀ. ਪੀ. ਓਜ ਤੇ ਬਾਲ ਸੁਰੱਖਿਆ ਅਫ਼ਸਰਾਂ 'ਤੇ ਆਧਾਰਤ ਟਾਸਕ ਫੋਰਸ ਵਲੋਂ ਇਨ੍ਹਾਂ ਬੱਚਿਆਂ ਨੂੰ ਬਚਾਅ ਕੇ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕਰਕੇ ਸਿਵਲ ਸਰਜਨ ਦਫ਼ਤਰ ਰਾਹੀਂ ਇਹ ਟੈੱਸਟ ਕਰਵਾਏ ਜਾਣਗੇ | ਜਦਕਿ ਬਚਾਏ ਗਏ ਇਨ੍ਹਾਂ ਬੱਚਿਆਂ ਨੂੰ ਬਾਲ ਘਰ ਤੇ ਐਸ.ਓ.ਐਸ. ਵਿਲੇਜ ਰਾਜਪੁਰਾ ਰੱਖਿਆ ਜਾਵੇਗਾ ਤੇ ਉਨ੍ਹਾਂ ਦੇ ਪੁਨਰ ਵਸੇਬੇ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਭਰ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ, ਇਨ੍ਹਾਂ ਵਿਚ ਏ.ਡੀ.ਸੀ. ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਪਟਿਆਲਾ ਦੇ ਐਸ.ਡੀ.ਐਮ. ਮੇਜਰ ਹਰਜੋਤ ਕੌਰ ਸਮੇਤ ਬਾਕੀ ਐਸ.ਡੀ.ਐਮਜ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਸ਼ਾਮਲ ਹਨ | ਮੀਟਿੰਗ ਮੌਕੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਤੇ ਸਹਾਇਕ ਸਿਵਲ ਸਰਜਨ ਡਾ. ਰਚਨਾ, ਸਹਾਇਕ ਲੇਬਰ ਕਮਿਸ਼ਨਰ ਜਸਵੀਰ ਸਿੰਘ ਖਰੌੜ, ਐਸ.ਐਸ.ਪੀ. ਦਫ਼ਤਰ ਤੋਂ ਇੰਸਪੈਕਟਰ ਰਾਜਨਦੀਪ ਕੌਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਾਉਣ ਦੀ ਝੜੀ ਨੇ ਗਰਮੀ ਦੇ ਪਰ ਕੁਤਰੇ ਅਗਲੀ ਖ਼ਬਰ 'ਰੰਗਲਾ ਪੰਜਾਬ' ਤਹਿਤ ਸਰਕਾਰ ਵਲੋਂ ਪਟਿਆਲਾ ਨੂੰ ਮਿਲਣਗੇ 5 ਕਰੋੜ-ਅਜੀਤਪਾਲ ਸਿੰਘ ਕੋਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।