ਸਨੌਰ, 19 ਜੁਲਾਈ (ਸੋਖਲ)-ਭਾਰਤ ਸਰਕਾਰ ਦੇ ਰਿਹਾਇਸ਼ੀ ਅਤੇ ਸ਼ਹਿਰੀ ਮੰਤਰਾਲੇ ਵਲੋਂ ਸਵੱਛ ਸਰਵੇਖਣ 2024-25 ਦੇ ਨਤੀਜੇ ਵਿਚ ਨਗਰ ਕੌਂਸਲ ਸਨੌਰ ਨੇ ਨੈਸ਼ਨਲ ਰੈਂਕ 82, ਸਟੇਟ ਰੈਂਕ 5 ਅਤੇ ਜ਼ਿਲ੍ਹਾ ਪਟਿਆਲਾ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੇ ਸੰਬੰਧ 'ਚ ਅੱਜ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਤੇ ਕਾਰਜ ਸਾਧਕ ਅਫਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਸਨੌਰ ਦੇ ਸਫ਼ਾਈ ਸੇਵਕਾਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਕਿਹਾ ਕਿ ਸਵੱਛ ਸਰਵੇਖਣ 'ਚ ਪਟਿਆਲਾ ਜਿਲ੍ਹੇ ਵਿਚ ਪਹਿਲੇ ਸਥਾਨ ਉੱਤੇ ਰਿਹਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਰਹਿਨਮੁਈ ਹੇਠ ਨਗਰ ਕੌਂਸਲ ਸਨੌਰ ਦੀ ਟੀਮ ਅਤੇ ਸਾਰੇ ਕੌਂਸਲਰ ਵਿਕਾਸ ਦੇ ਕੰਮ ਵਧੀਆ ਤਰੀਕੇ ਨਾਲ ਕਰ ਰਹੇ ਹਨ ਜਿਸ ਦਾ ਨਤੀਜਾ ਸਵੱਛ ਭਾਰਤ ਸਰਵੇਖਣ 2024-25 'ਚ ਦਿਖ ਰਿਹਾ ਹੈ | ਪ੍ਰਧਾਨ ਪ੍ਰਦੀਪ ਜੋਸ਼ਨ ਨੇ ਕਿਹਾ ਕਿ ਸਾਡੇ ਸਾਰੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਅਸੀਂ ਸਫਾਈ ਸੈਨਿਕ ਕਹਿੰਦੇ ਹਾਂ ਕਿਉਂਕਿ ਇਹ ਵੀ ਸਨੌਰ ਸ਼ਹਿਰ ਨੂੰ ਸਾਫ ਰੱਖਣ ਲਈ ਲੜਾਈ ਕਰ ਰਹੇ ਹਨ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਨੌਰ ਸ਼ਹਿਰ 'ਚ ਪੁਰਾਣੀਆਂ ਸਰਕਾਰਾਂ ਨੇ ਸਨੌਰ ਦੀ ਫਿਰਨੀ ਉਤੇ ਪੈਸੇ ਬਹੁਤ ਲਗਾਏ ਪਰੰਤੂ ਤਕਨੀਕੀ ਤੌਰ 'ਤੇ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ | ਜੋ ਅਸੀਂ ਹੁਣ ਆਉਂਦੇ ਦਿਨਾ 'ਚ ਕਰ ਰਹੇ ਹਾਂ | ਇਸ ਮੌਕੇ ਨਰਿੰਦਰ ਸਿੰਘ ਤੱਖਰ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸਨੌਰ, ਬਲਜੀਤ ਸਿੰਘ ਐਮ.ਸੀ., ਬੱਬੂ ਐਮ.ਸੀ., ਤਰਸੇਮ ਸਿੰਘ ਐਮ.ਸੀ., ਗੁਰਮੀਤ ਸਿੰਘ ਮੀਤਾ ਐਮ ਸੀ, ਸੌਕੀਨ ਐਮ.ਸੀ., ਵਿਕਾਸ ਅਟਵਾਲ ਐਮ.ਸੀ., ਨੰਦ ਲਾਲ ਪ੍ਰਧਾਨ ਸਫਾਈ ਸੇਵਕ ਐਂਡ ਅਦਰ ਵਰਕ ਯੂਨੀਅਨ, ਹਰਵਿੰਦਰ ਸਿੰਘ ਥਿੰਦ, ਰਾਜ ਕੁਮਾਰ ਰਾਜੂ ਤੇ ਹੋਰ ਸਫਾਈ ਸੇਵਕ ਮੌਜੂਦ ਹਨ |