ਪਟਿਆਲਾ, 19 ਜੁਲਾਈ (ਅ. ਸ. ਆਹਲੂਵਾਲੀਆ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ), ਪਟਿਆਲਾ ਵਲੋਂ ਆਯੋਜਿਤ ਤਿੰਨ-ਰੋਜਾ ਸਾਵਣ ਉਤਸਵ ਦੇ ਦੂਜੇ ਦਿਨ ਇੱਥੇ ਕਾਲੀਦਾਸ ਆਡੀਟੋਰੀਅਮ ਵਿਖੇ ਆਯੋਜਿਤ ਸਮਾਗਮ ਦੌਰਾਨ, ਕਸ਼ਮੀਰੀ ਗਾਇਕ ਉਸਤਾਦ ਵਾਹਿਦ ਜਿਲਾਨੀ ਅਤੇ ਪ੍ਰਸਿੱਧ ਗਜਲ ਗਾਇਕ ਸੁਨੀਲ ਡੋਗਰਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਇਸ ਤਰ੍ਹਾਂ ਕੀਤਾ ਕਿ ਪੂਰਾ ਹਾਲ ਦਰਸ਼ਕਾਂ ਦੀਆਂ ਤਾੜੀਆਂ ਅਤੇ ਕਲਾਕਾਰਾਂ ਦੇ ਸਨਮਾਨ ਵਿਚ ਵਾਹ-ਵਾਹ ਨਾਲ ਗੂੰਜ ਉੱਠਿਆ | ਉਨ੍ਹਾਂ ਨੇ ਆਪਣੀ ਗਾਇਕੀ ਵਿਚ ਉਰਦੂ ਅਤੇ ਹਿੰਦੀ ਵਿਚ ਆਪਣੀਆਂ ਕੁਝ ਚੁਣੀਆਂ ਹੋਈਆਂ ਗਜਲਾਂ ਅਤੇ ਸੂਫ਼ੀਆਨਾ ਪੇਸ਼ਕਾਰੀਆਂ ਵੀ ਕੀਤੀਆਂ | ਉਨ੍ਹਾਂ ਦੇ ਨਾਲ ਆਏ ਕਲਾਕਾਰਾਂ ਵਿੱਚ ਰਵਾਬ 'ਤੇ ਗੁਲਾਮ ਮੁਹੰਮਦ ਲੋਨ, ਸੰਤੂਰ 'ਤੇ ਉਮਰ ਮਜੀਦ, ਤਬਲੇ 'ਤੇ ਜੋਗਿੰਦਰ ਅਤੇ ਕੀਬੋਰਡ 'ਤੇ ਵਿੱਕੀ ਆਦਿ ਸਾਮਲ ਸਨ | ਸਮਾਗਮ ਦੇ ਦੂਜੇ ਪੜਾਅ ਵਿੱਚ ਦੂਜੇ ਕਲਾਕਾਰ ਵਜੋਂ, ਪ੍ਰਸਿੱਧ ਗਜਲ ਗਾਇਕ ਸੁਨੀਲ ਡੋਗਰਾ ਨੇ ਵੀ ਪ੍ਰਸਿੱਧ ਕਵੀਆਂ ਦੇ ਕਲਾਮ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ | ਸੰਗੀਤ 'ਤੇ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਵਿਚ ਕੀਬੋਰਡ 'ਤੇ ਨਾਨਾਜੀ, ਤਬਲੇ 'ਤੇ ਨੰਦਲਾਲ, ਡੋਲਕ 'ਤੇ ਸੰਜੂ, ਵਾਇਲਨ 'ਤੇ ਉਸਤਾਦ ਅਲੀਮ ਖਾਨ ਅਤੇ ਗਿਟਾਰ 'ਤੇ ਸਤੀਸ਼ ਯਾਸੀ ਅਤੇ ਢੋਲ 'ਤੇ ਨਿਖਿਲ ਸ਼ਾਮਲ ਸਨ | ਇਸ ਮੌਕੇ 'ਤੇ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ, ਐਮ ਫੁਰਕਾਨ ਖਾਨ ਨੇ ਕਲਾਕਾਰਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਮੇਂ-ਸਮੇਂ 'ਤੇ ਦਰਸ਼ਕਾਂ ਅਤੇ ਸਰੋਤਿਆਂ ਲਈ ਉੱਚ ਪੱਧਰੀ ਪ੍ਰੋਗਰਾਮ ਲਿਆਉਣ ਦੀ ਹੈ ਅਤੇ ਅਜਿਹੇ ਪ੍ਰੋਗਰਾਮ ਲੋਕਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਵੀ ਪੈਦਾ ਕਰਦੇ ਹਨ |