ਪਟਿਆਲਾ, 16 ਜੁਲਾਈ (ਅ.ਸ. ਆਹਲੂਵਾਲੀਆ)-ਪੈਨਸ਼ਨ ਅਤੇ ਬਕਾਇਆਂ ਦੀ ਅਦਾਇਗੀ ਨੂੰ ਲੈ ਕੇ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਭਰਵੀਂ ਮੀਟਿੰਗ ਹੋਈ | ਜਿਸ ਵਿਚ ਵੱਖ-ਵੱਖ ਡਿਪੂਆਂ ਨਾਲ ਸੰਬੰਧਿਤ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਅਜੇ ਤੱਕ ਜੂਨ ਮਹੀਨੇ ਦੀ ਪੈਨਸ਼ਨ ਨਾ ਪਾਏ ਜਾਣ ਕਾਰਨ ਅਤੇ ਰਹਿੰਦੇ ਬਕਾਇਆਂ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ ਤੇ ਪੇ-ਕਮਿਸ਼ਨ ਦੇ ਬਕਾਏ ਆਦਿ ਨੂੰ ਲੈ ਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ | ਭਗਵੰਤ ਸਿੰਘ ਕੰਗਣਵਾਲ ਨੇ ਐੱਮ. ਡੀ. ਪੀ.ਆਰ.ਟੀ.ਸੀ. ਨਾਲ ਫ਼ੋਨ 'ਤੇ ਹੋਈ ਗੱਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਪੈਨਸ਼ਨ ਜਲਦੀ ਹੀ ਪਾਈ ਜਾ ਰਹੀ ਹੈ ਅਤੇ ਅੱਗੋਂ ਲਈ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਪੈਨਸ਼ਨ ਪੈ ਜਾਇਆ ਕਰੇਗੀ | ਹਰੀ ਸਿੰਘ ਚਮਕ ਨੇ ਕਿਹਾ ਕਿ ਹਰ ਮਹੀਨੇ ਸਮੇਂ ਸਿਰ ਪੈਨਸ਼ਨ ਪਾਉਣੀ ਮੈਨੇਜਮੈਂਟ ਦੀ ਡਿਊਟੀ ਹੈ ਅਤੇ ਇਹ ਸਾਡਾ ਹੱਕ ਹੈ, ਪੈਨਸ਼ਨ ਲੈਣ ਲਈ ਸਾਨੂੰ ਹਰ ਮਹੀਨੇ ਮੈਨੇਜਮੈਂਟ ਦਾ ਦਰ ਕਿਉਂ ਖੜਕਾਉਣਾ ਪੈਂਦਾ ਹੈ | ਇਸ ਮੀਟਿੰਗ ਨੂੰ ਸਰਵ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਗੁਰਮੀਤ ਸਿੰਘ ਕਪੂਰਥਲਾ, ਜਲੌਰ ਸਿੰਘ ਫ਼ਰੀਦਕੋਟ, ਸੁਖਜੀਤ ਸਿੰਘ ਬਠਿੰਡਾ, ਗਿਆਨ ਚੰਦ ਬੁਢਲਾਡਾ, ਮਦਨ ਮੋਹਨ ਬਰਨਾਲਾ, ਬਲਵੰਤ ਸਿੰਘ ਜ਼ੋਗਾ, ਉਪਕਾਰ ਸਿੰਘ ਸੰਗਰੂਰ, ਜੋਗਿੰਦਰ ਸਿੰਘ, ਸ਼ਿਵ ਕੁਮਾਰ ਪਟਿਆਲਾ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ | ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਅਮੋਲਕ ਸਿੰਘ ਕੈਸ਼ੀਅਰ ਕੇਂਦਰੀ ਬਾਡੀ, ਬਖ਼ਸ਼ੀਸ਼ ਸਿੰਘ ਦਫ਼ਤਰ ਸਕੱਤਰ, ਬੀਰ ਸਿੰਘ, ਸੰਤ ਰਾਮ, ਬਲਵੰਤ ਸਿੰਘ ਕੈਸ਼ੀਅਰ, ਗੁਰਚਰਨ ਸਿੰਘ, ਜਸਪਾਲ ਸਿੰਘ, ਸੂਰਜ ਭਾਨ ਸੀ.ਆਈ., ਰਮੇਸ਼ਵਰ ਦਿਆਲ, ਰਾਮ ਦਿੱਤਾ ਤੇ ਤਿਲਕ ਰਾਜ ਨੇ ਵੀ ਭਰਪੂਰ ਯੋਗਦਾਨ ਪਾਇਆ | ਸਟੇਜ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖ਼ੂਬੀ ਨਿਭਾਈ |