ਬਨੂੜ, 15 ਜੁਲਾਈ (ਭੁਪਿੰਦਰ ਸਿੰਘ)-ਪਿੰਡ ਅਬਰਾਵਾਂ ਦੇ ਵਸਨੀਕ ਸਾਬਕਾ ਫ਼ੌਜੀ ਦੇ ਘਰੋਂ ਦਿਨ ਦਿਹਾੜੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 18 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਰਫ਼ੂ ਚੱਕਰ ਹੋ ਗਏ | ਸਾਬਕਾ ਫ਼ੌਜੀ ਸਵ. ਗੁਰਵਿੰਦਰ ਸਿੰਘ ਦੀ ਵਿਧਵਾ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੇ ਪਤੀ ਗੁਰਵਿੰਦਰ ਸਿੰਘ ਜੋ ਕਿ ਫ਼ੌਜ ਵਿਚ ਨੌਕਰੀ ਕਰਦੇ ਸਨ, ਦੀ ਮੌਤ ਹੋ ਗਈ ਸੀ ਅਤੇ ਉਸ ਕੋਲ ਦੋ ਬੱਚੀਆਂ ਹਨ ਜੋ ਕਿ ਅਕਾਲ ਅਕੈਡਮੀ ਚੁੰਨੀ ਵਿਖੇ ਪੜ੍ਹਦੀਆਂ ਹਨ | ਉਨ੍ਹਾਂ ਦੱਸਿਆ ਕਿ ਉਸ ਦੀਆਂ ਦੋਵੇਂ ਲੜਕੀਆਂ ਬਿਮਾਰ ਸਨ ਜਿਸ ਕਾਰਨ ਉਹ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਨੂੰ ਦਵਾਈ ਦਿਵਾਉਣ ਲਈ ਗਈ ਅਤੇ ਜਦੋਂ ਉਹ ਸਾਢੇ ਤਿੰਨ ਵਜੇ ਦੇ ਕਰੀਬ ਵਾਪਸ ਆਪਣੇ ਘਰ ਪਹੁੰਚੀ ਤਾਂ ਘਰ ਦੇ ਮੁੱਖ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ | ਜਦੋਂ ਅੰਦਰ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਵਿਚੋਂ ਸਾਰਾ ਸਾਮਾਨ ਬਾਹਰ ਖਿੱਲਰਿਆ ਪਿਆ ਸੀ | ਪੀੜਤ ਵਿਧਵਾ ਨੇ ਦੱਸਿਆ ਕਿ ਅਲਮਾਰੀ ਵਿਚ ਪਈ ਸਾਢੇ ਤਿੰਨ ਤੋਲੇ ਸੋਨੇ ਦੀ ਚੈਨ, ਤਿੰਨ ਸੋਨੇ ਦੀਆਂ ਅੰਗੂਠੀਆਂ, ਦੋ ਜੋੜੇ ਟੋਪਸ ਅਤੇ ਬੱਚਿਆਂ ਦੀ ਸਕੂਲ ਦੀ ਫ਼ੀਸ ਭਰਨ ਲਈ ਰੱਖੀ ਗਈ 18 ਹਜ਼ਾਰ ਰੁਪਏ ਦੀ ਨਗਦੀ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਇਸ ਚੋਰੀ ਵਿਚ ਉਸ ਦਾ ਤਕਰੀਬਨ ਸਾਢੇ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਵਿਧਵਾ ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ਵਿਚ ਹੋਰ ਕੋਈ ਕਮਾਊ ਨਹੀਂ ਹੈ ਕੇਵਲ ਉਹ ਆਪਣੇ ਪਤੀ ਦੀ ਪੈਨਸ਼ਨ 'ਤੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ | ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸੰਬੰਧੀ ਬਨੂੜ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਮੌਕੇ ਪਹੁੰਚੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਬਰਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |