ਪਟਿਆਲਾ, 15 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਦੀ ਜੰਮਪਲ ਅਮਨਜੋਤ ਕੌਰ ਨੂੰ ਤਰੱਕੀ ਦੇ ਕੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਣਾਏ ਜਾਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ | ਸਬ-ਇੰਸਪੈਕਟਰ ਅਮਨਜੋਤ ਕੌਰ ਨੇ ਰੋਇੰਗ ਕਰੂ ਖੇਡ ਵਿਚ ਦੋ ਸੋਨ ਤਗਮੇ ਜਿੱਤ ਕੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਕਰਹਾਲੀ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸਰਬ ਧਰਮ ਰੱਖਿਅਕ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨਛੋਹ ਕਾਰਨ ਇਤਿਹਾਸਕ ਫ਼ਲਸਫ਼ੇ ਅੰਦਰ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਹੁਣ ਬੇਟੀ ਅਮਨਜੋਤ ਕੌਰ ਦੀਆਂ ਅਮਰੀਕਾ ਦੇ ਨਾਮਵਰ ਸ਼ਹਿਰ ਬਰਮਿੰਘਮ 'ਚ ਵਿਸ਼ਵ ਪੁਲਿਸ ਖੇਡਾਂ ਦੀਆਂ ਪ੍ਰਾਪਤੀਆਂ ਨੇ ਦੇਸ਼-ਵਿਦੇਸ਼ ਇਸ ਨਗਰ ਦਾ ਨਾਮ ਚਮਕਾਇਆ ਹੈ | ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਬੇਟੀ ਅਮਨਜੋਤ ਕੌਰ ਮੇਰੀ ਰਿਸ਼ਤੇਦਾਰ ਨਹੀਂ ਪਰ ਵਿਦੇਸ਼ ਦੀ ਧਰਤੀ 'ਤੇ ਪਹੰੁਚ ਕੇ ਪੰਜਾਬ, ਪੰਜਾਬੀਅਤ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਨਾਮ ਖੇਡ ਜਗਤ ਵਿਚ ਹੋਰ ਵਧਾਇਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਪੰਜਾਬੀਅਤ ਦੀ ਸਾਂਝ ਹਨ | ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਸਿਰ ਵਿਸ਼ੇਸ਼ ਤਰੱਕੀਆਂ ਦੇ ਕੇ ਹੌਸਲਾ ਅਫਜਾਈ ਕਰਨੀ ਬਣਦੀ ਹੈ, ਇਸੇ ਲੜੀ ਤਹਿਤ ਅਮਨਦੀਪ ਕੌਰ ਨੂੰ ਵੀ ਵਿਸ਼ੇਸ਼ ਤਰੱਕੀ ਦੇ ਕੇ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ |