ਸਨੌਰ, 15 ਜੁਲਾਈ (ਮੋਹਣ ਸਿੰਘ ਭੱਟੀ)-ਨਸ਼ਿਆਂ ਦੇ ਵਿਰੁੱਧ ਚਲ ਰਹੀ ਮੁਹਿੰਮ ਹੇਠ ਥਾਣਾ ਸਨੌਰ ਪੁਲਿਸ ਨੂੰ ਸਫਲਤਾ ਮਿਲੀ ਜਦੋਂ ਥਾਣਾ ਸਨੌਰ ਦੇ ਏ.ਐਸ.ਆਈ. ਸੁਰਜਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਕ ਨੌਜਵਾਨ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ | ਇਹ ਕਾਰਵਾਈ 14 ਜੁਲਾਈ ਨੂੰ ਐਫ.ਸੀ.ਆਈ. ਗੋਦਾਮ, ਸਨੌਰ ਨੇੜੇ ਗਸ਼ਤ ਦੌਰਾਨ ਕੀਤੀ ਗਈ | ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਾਸਤੇ ਗਸ਼ਤ 'ਤੇ ਸੀ ਜਦ ਉਨ੍ਹਾਂ ਨੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਾਂਚ ਕੀਤੀ | ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਵਾਸੀ ਮੁਹੱਲਾ ਪਠਾਣਾ ਵਾਲਾ, ਸਨੌਰ ਵਜੋਂ ਹੋਈ | ਜਾਂਚ ਦੌਰਾਨ ਗਗਨਦੀਪ ਸਿੰਘ ਦੇ ਕਬਜ਼ੇ ਤੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ 'ਤੇ ਪੁਲਿਸ ਵਲੋਂ ਉਸ ਵਿਰੁੱਧ ਕੇਸ ਨੰਬਰ 73 ਮਿਤੀ 14 ਜੁਲਾਈ ਨੂੰ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 22, 61 ਅਤੇ 85 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ | ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਤਫ਼ਤੀਸ਼ ਜਾਰੀ ਹੈ |